#AMERICA

ਅਮਰੀਕੀ ਅਦਾਲਤ ਵੱਲੋਂ ਭਾਰਤੀ ਨੌਜਵਾਨ ਨੂੰ 4 ਸਾਲ ਦੀ ਕੈਦ ਦੀ ਸਜ਼ਾ

-ਕੈਨੇਡਾ ‘ਚ ਸਟੂਡੈਂਟ ਵੀਜ਼ੇ ‘ਤੇ ਰਹਿ ਕੇ ਅਮਰੀਕਾ ‘ਚ ਕੀਤੀ 3.7 ਮਿਲੀਅਨ ਅਮਰੀਕੀ ਡਾਲਰ ਦੀ ਠੱਗੀ
ਵਾਸ਼ਿੰਗਟਨ, 3 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਕੈਨੇਡਾ ‘ਚ ਸਟੂਡੈਂਟ ਵੀਜ਼ੇ ‘ਤੇ ਰਹਿ ਰਹੇ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਬਜ਼ੁਰਗਾਂ ਨਾਲ ਮਿਲੀਅਨ ਡਾਲਰਾਂ ਦੀ ਠੱਗੀ ਮਾਰਨ ਦੇ ਮਾਮਲੇ ‘ਚ 48 ਮਹੀਨੇ (4 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਹ ਨੌਜਵਾਨ ਇੱਕ ਅਜਿਹੇ ਅੰਤਰਰਾਸ਼ਟਰੀ ਗਿਰੋਹ ਦਾ ਹਿੱਸਾ ਸੀ, ਜੋ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ।
ਨੌਜਵਾਨ ਦੀ ਪਛਾਣ ਰੋਸ਼ਨ ਸ਼ਾਹ ਵਜੋਂ ਹੋਈ ਹੈ, ਜੋ ਭਾਰਤ ਦਾ ਨਾਗਰਿਕ ਹੈ ਅਤੇ ਕੈਨੇਡਾ ਦੇ ਇੱਕ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਾਹ ਕੈਨੇਡਾ ਤੋਂ ਵਿਜ਼ਿਟਰ ਵੀਜ਼ੇ ‘ਤੇ ਅਮਰੀਕਾ ਵਿਚ ਸਿਰਫ਼ ਠੱਗੀ ਦੀ ਰਕਮ ਇਕੱਠੀ ਕਰਨ ਲਈ ਦਾਖਲ ਹੁੰਦਾ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਭਾਰਤ ਵਿਚ ਬੈਠੇ ਉਸਦੇ ਸਾਥੀ ਅਮਰੀਕੀ ਬਜ਼ੁਰਗਾਂ ਨੂੰ ਫ਼ੋਨ ਕਰਕੇ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਅਪਰਾਧਾਂ ਲਈ ਕੀਤੀ ਗਈ ਹੈ। ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਆਪਣੀ ਨਕਦੀ ਜਾਂ ਸੋਨਾ ਸੁਰੱਖਿਅਤ ਰੱਖਣ ਲਈ ਇੱਕ ਸਰਕਾਰੀ ਏਜੰਟ ਨੂੰ ਸੌਂਪਨਾ ਪਵੇਗਾ। ਰੋਸ਼ਨ ਸ਼ਾਹ ਖੁਦ ਇੱਕ ‘ਫੈਡਰਲ ਏਜੰਟ’ ਬਣ ਕੇ ਇਨ੍ਹਾਂ ਬਜ਼ੁਰਗਾਂ ਕੋਲੋਂ ਪੈਸੇ ਅਤੇ ਸੋਨਾ ਇਕੱਠਾ ਕਰਦਾ ਸੀ।
ਸ਼ਾਹ ਨੇ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿਚ ਕੁੱਲ 15 ਬਜ਼ੁਰਗਾਂ ਕੋਲੋਂ 3.7 ਮਿਲੀਅਨ ਅਮਰੀਕੀ ਡਾਲਰ (ਲਗਭਗ 31 ਕਰੋੜ ਰੁਪਏ) ਦੀ ਰਕਮ ਇਕੱਠੀ ਕੀਤੀ ਸੀ। ਉਸ ਨੂੰ ਸਾਲ 2025 ਦੀਆਂ ਗਰਮੀਆਂ ਵਿਚ ਵਿਸਕਾਨਸਿਨ ਦੇ ਨਿਊ ਬਰਲਿਨ ਇਲਾਕੇ ਵਿਚੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਠੱਗੀ ਦੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ ਇਹ ਮਾਮਲਾ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਦੇਸ਼ੀ ਧੋਖੇਬਾਜ਼ਾਂ ਦੇ ਖ਼ਤਰੇ ਨੂੰ ਦਰਸਾਉਂਦਾ ਹੈ। ਇਸ ਕੇਸ ਦੀ ਜਾਂਚ ਅਮਰੀਕੀ ਹੋਮਲੈਂਡ ਸਕਿਓਰਿਟੀ ਅਤੇ ਨਿਊ ਬਰਲਿਨ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ। ਸਜ਼ਾ ਸੁਣਾਉਣ ਵੇਲੇ ਅਦਾਲਤ ਨੇ ਇਸ ਨੂੰ ਬਹੁਤ ਹੀ ਗੰਭੀਰ ਅਪਰਾਧ ਕਰਾਰ ਦਿੱਤਾ ਹੈ।