ਐੱਫ-1 ਵਿਦਿਆਰਥੀ ਵੀਜ਼ਾ ਦੀ ਵੱਧ ਤੋਂ ਵੱਧ ਮਿਆਦ ਸਿਰਫ਼ ਚਾਰ ਸਾਲ ਤੱਕ ਕੀਤੀ ਸੀਮਤ
ਵਾਸ਼ਿੰਗਟਨ, 17 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਲੱਖਾਂ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਭਾਰਤੀਆਂ ਲਈ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ ਹੁਣ ਐੱਫ-1 ਵਿਦਿਆਰਥੀ ਵੀਜ਼ਾ ਦੀ ਵੱਧ ਤੋਂ ਵੱਧ ਮਿਆਦ ਸਿਰਫ਼ ਚਾਰ ਸਾਲ ਤੱਕ ਸੀਮਤ ਕਰ ਦਿੱਤੀ ਗਈ ਹੈ।
ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਦਹਾਕਿਆਂ ਤੋਂ ਚੱਲੀ ਆ ਰਹੀ ‘ਡਿਊਰੇਸ਼ਨ ਆਫ ਸਟੇਟਸ’ ਪ੍ਰਣਾਲੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਪਹਿਲਾਂ ਵਿਦਿਆਰਥੀ ਉਦੋਂ ਤੱਕ ਅਮਰੀਕਾ ਵਿਚ ਰਹਿ ਸਕਦੇ ਸਨ, ਜਦੋਂ ਤੱਕ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਲੈਂਦੇ ਸਨ, ਪਰ ਹੁਣ ਉਨ੍ਹਾਂ ਨੂੰ ਸਿਰਫ਼ 4 ਸਾਲ ਦੀ ਹੀ ਇਜਾਜ਼ਤ ਮਿਲੇਗੀ।
ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਵਿਦਿਆਰਥੀਆਂ ‘ਤੇ ਪੈਣ ਦੀ ਸੰਭਾਵਨਾ ਹੈ। ‘ਓਪਨ ਡੋਰਸ 2024’ ਦੀ ਰਿਪੋਰਟ ਅਨੁਸਾਰ, ਸਾਲ 2023-24 ਵਿਚ ਅਮਰੀਕਾ ਵਿਚ 3.31 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ, ਜੋ ਕਿ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਲਗਭਗ 30 ਫੀਸਦੀ ਹੈ। ਕਿਉਂਕਿ ਜ਼ਿਆਦਾਤਰ ਭਾਰਤੀ ਵਿਦਿਆਰਥੀ ਪੀ.ਐੱਚ.ਡੀ., ਖੋਜ ਆਧਾਰਿਤ ਮਾਸਟਰਜ਼ ਅਤੇ ਮੈਡੀਕਲ ਟ੍ਰੇਨਿੰਗ ਵਰਗੇ ਕੋਰਸਾਂ ਵਿਚ ਦਾਖਲਾ ਲੈਂਦੇ ਹਨ, ਜਿਨ੍ਹਾਂ ਦੀ ਮਿਆਦ ਅਕਸਰ ਚਾਰ ਸਾਲ ਤੋਂ ਵੱਧ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਹੁਣ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਡੀ.ਐੱਚ.ਐੱਸ. ਤੋਂ ਵਿਸ਼ੇਸ਼ ਐਕਸਟੈਂਸ਼ਨ (ਮਿਆਦ ਵਧਾਉਣ) ਦੀ ਮਨਜ਼ੂਰੀ ਲੈਣੀ ਪਵੇਗੀ।
ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਸਮੇਂ ਸਿਰ ਐਕਸਟੈਂਸ਼ਨ ਨਹੀਂ ਮਿਲਦੀ ਜਾਂ ਪ੍ਰਬੰਧਕੀ ਦੇਰੀ ਹੁੰਦੀ ਹੈ, ਤਾਂ ਉਸ ਨੂੰ ‘ਗੈਰ-ਕਾਨੂੰਨੀ’ ਮੰਨਿਆ ਜਾ ਸਕਦਾ ਹੈ। ਇਸ ਨਾਲ ਭਵਿੱਖ ਵਿਚ ਵੀਜ਼ਾ ਮਿਲਣ ਅਤੇ ਅਮਰੀਕਾ ‘ਚ ਮੁੜ ਦਾਖਲੇ ਵਿਚ ਗੰਭੀਰ ਮੁਸ਼ਕਲਾਂ ਆ ਸਕਦੀਆਂ ਹਨ।
ਟਰੰਪ ਪ੍ਰਸ਼ਾਸਨ ਅਨੁਸਾਰ, ਇਸ ਬਦਲਾਅ ਦਾ ਮੁੱਖ ਉਦੇਸ਼ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਨਵਾਂ ਨਿਯਮ ਸਿਰਫ਼ ਐੱਫ-1 ਵੀਜ਼ਾ ‘ਤੇ ਹੀ ਨਹੀਂ, ਸਗੋਂ ਜੇ-1 ਐਕਸਚੇਂਜ ਵਿਜ਼ਿਟਰ ਵੀਜ਼ਾ ਅਤੇ ਵਿਦੇਸ਼ੀ ਮੀਡੀਆ ਪ੍ਰਤੀਨਿਧਾਂ (ਆਈ-ਵੀਜ਼ਾ) ‘ਤੇ ਵੀ ਲਾਗੂ ਹੋਵੇਗਾ। ਦੱਸਣਯੋਗ ਹੈ ਕਿ ਫਿਲਹਾਲ ਇਹ ਨਿਯਮ ਤੁਰੰਤ ਲਾਗੂ ਨਹੀਂ ਹੋਵੇਗਾ ਅਤੇ ਅਮਰੀਕੀ ਕਾਂਗਰਸ ਦੀ ਸਮੀਖਿਆ ਤੋਂ ਬਾਅਦ ਹੀ ਇਸ ਦੀ ਪ੍ਰਭਾਵੀ ਤਰੀਕ ਐਲਾਨੀ ਜਾਵੇਗੀ। ਉਦੋਂ ਤੱਕ ਪੁਰਾਣੀ ਵਿਵਸਥਾ ਹੀ ਜਾਰੀ ਰਹੇਗੀ।
ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ‘ਚ ਵੱਡਾ ਬਦਲਾਅ

