– ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
– ਐਂਥਰੋਪਿਕ ਨੇ ਸਰਕਾਰ ਦੀ ਕਾਰਵਾਈ ‘ਤੇ ਜਤਾਈ ਅਸਹਿਮਤੀ
ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਦੁਨੀਆਂ ਵਿਚ ਇੱਕ ਬੇਹੱਦ ਅਣਕਿਆਸਾ ਕਦਮ ਚੁੱਕਦਿਆਂ ਅਮਰੀਕੀ ਸਰਕਾਰ ਨੇ ਪ੍ਰਸਿੱਧ ਏ.ਆਈ. ਕੰਪਨੀ ‘ਐਂਥਰੋਪਿਕ’ ਨੂੰ ਆਪਣੇ ਸਭ ਤੋਂ ਉੱਨਤ ਅਤੇ ਪ੍ਰਮੁੱਖ ਏ.ਆਈ. ਮਾਡਲਾਂ- ‘ਫੇਬਲ 5’ ਅਤੇ ‘ਮਾਈਥੋਸ 5’, ਦੀ ਦੁਨੀਆਂ ਭਰ ਵਿਚ ਵਰਤੋਂ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਇਹ ਕਾਰਵਾਈ ਕੌਮੀ ਸੁਰੱਖਿਆ ਚਿੰਤਾਵਾਂ ਅਤੇ ਇਨ੍ਹਾਂ ਸਿਸਟਮਾਂ ਦੇ ਸੁਰੱਖਿਆ ਘੇਰੇ (ਸੇਫਗਾਰਡਸ) ਨੂੰ ਬਾਈਪਾਸ ਕਰਨ, ਯਾਨੀ ਤੋੜਨ ਦੇ ਖ਼ਦਸ਼ੇ ਦੇ ਚੱਲਦਿਆਂ ਕੀਤੀ ਹੈ। ਇਸ ਸਰਕਾਰੀ ਆਦੇਸ਼ ਤੋਂ ਬਾਅਦ ਕੰਪਨੀ ਨੂੰ ਮਜਬੂਰਨ ਆਪਣੇ ਦੋਵੇਂ ਉੱਨਤ ਉਤਪਾਦ ਬਾਜ਼ਾਰ ਵਿਚੋਂ ਹਟਾਉਣੇ ਪਏ ਹਨ, ਜਿਸ ਕਾਰਨ ਦੁਨੀਆਂ ਭਰ ਦੇ ਕਰੋੜਾਂ ਯੂਜ਼ਰਸ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਐਂਥਰੋਪਿਕ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਬਾਕੀ ਸਾਰੇ ਏ.ਆਈ. ਮਾਡਲ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੇ ਰਹਿਣਗੇ।
ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਤੋਂ ਨਿਰਦੇਸ਼ ਮਿਲਦੇ ਹੀ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਇਨ੍ਹਾਂ ਦੋਵਾਂ ਮਾਡਲਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਦੇ ਨਾਲ ਹੀ ਐਂਥਰੋਪਿਕ ਨੇ ਸਰਕਾਰ ਦੇ ਇਸ ਫੈਸਲੇ ‘ਤੇ ਸਖ਼ਤ ਅਸਹਿਮਤੀ ਜਤਾਈ ਹੈ। ਕੰਪਨੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਕੋਈ ਠੋਸ ਅਤੇ ਵਿਸਤ੍ਰਿਤ ਤਕਨੀਕੀ ਸਬੂਤ ਪੇਸ਼ ਨਹੀਂ ਕੀਤੇ ਹਨ।
ਸਰਕਾਰੀ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਮਾਡਲਾਂ ਵਿਚ ‘ਜੇਲਬ੍ਰੇਕ’ ਦੀ ਸੰਭਾਵਨਾ ਹੈ- ਜੇਲਬ੍ਰੇਕ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਕਿਸੇ ਏ.ਆਈ. ਸਿਸਟਮ ਨੂੰ ਚਕਮਾ ਦੇ ਕੇ ਉਸ ਦੇ ਸੁਰੱਖਿਆ ਨਿਯਮਾਂ ਨੂੰ ਤੋੜਿਆ ਜਾ ਸਕਦਾ ਹੈ। ਦੂਜੇ ਪਾਸੇ, ਐਂਥਰੋਪਿਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਤਕਨੀਕ ਦੀ ਸਮੀਖਿਆ ਕੀਤੀ ਹੈ ਅਤੇ ਇਸ ਵਿਚ ਸਿਰਫ਼ ਕੁਝ ਪੁਰਾਣੀਆਂ ਤੇ ਬਹੁਤ ਹੀ ਮਾਮੂਲੀ ਕਮੀਆਂ ਸਾਹਮਣੇ ਆਈਆਂ ਹਨ।
ਕੰਪਨੀ ਦਾ ਦਾਅਵਾ ਹੈ ਕਿ ਇਹ ਕੋਈ ਅਜਿਹੀ ਸਮਰੱਥਾ ਨਹੀਂ ਹੈ, ਜੋ ਸਿਰਫ਼ ‘ਫੇਬਲ 5’ ਵਿਚ ਹੋਵੇ, ਸਗੋਂ ਇਹ ਬਾਜ਼ਾਰ ਵਿਚ ਮੌਜੂਦ ਹੋਰ ਜਨਤਕ ਏ.ਆਈ. ਮਾਡਲਾਂ ਰਾਹੀਂ ਵੀ ਸੰਭਵ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਕਥਿਤ ਖ਼ਾਮੀ ਕਾਰਨ ਅਸਲ ਦੁਨੀਆਂ ਵਿਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਐਂਥਰੋਪਿਕ ਮੁਤਾਬਕ ‘ਫੇਬਲ 5’ ਨੂੰ ਬਾਜ਼ਾਰ ਵਿਚ ਉਤਾਰਨ ਤੋਂ ਪਹਿਲਾਂ ਕੰਪਨੀ ਦੀਆਂ ਅੰਦਰੂਨੀ ਟੀਮਾਂ, ਬਾਹਰੀ ਮਾਹਰਾਂ, ਅਮਰੀਕੀ ਸਰਕਾਰ ਅਤੇ ਬ੍ਰਿਟੇਨ ਦੇ ‘ਏ.ਆਈ. ਸੇਫਟੀ ਇੰਸਟੀਚਿਊਟ’ ਵੱਲੋਂ ਵੱਡੇ ਪੱਧਰ ‘ਤੇ ਸੁਰੱਖਿਆ ਜਾਂਚਾਂ ਵਿਚੋਂ ਲੰਘਾਇਆ ਗਿਆ ਸੀ। ਉਨ੍ਹਾਂ ਟੈਸਟਾਂ ਵਿਚ ਇਹ ਸਾਬਤ ਹੋਇਆ ਸੀ ਕਿ ਇਸ ਦੇ ਸੁਰੱਖਿਆ ਪ੍ਰਬੰਧ ਪਿਛਲੀਆਂ ਪੀੜ੍ਹੀਆਂ ਦੇ ਏ.ਆਈ. ਮਾਡਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹਨ।
ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਸਖ਼ਤ ਅਤੇ ਅਸਪੱਸ਼ਟ ਮਾਪਦੰਡ ਪੂਰੀ ਇੰਡਸਟਰੀ ‘ਤੇ ਲਾਗੂ ਕੀਤੇ ਗਏ, ਤਾਂ ਇਸ ਨਾਲ ਭਵਿੱਖ ਵਿਚ ਆਉਣ ਵਾਲੀ ਉੱਨਤ ਏ.ਆਈ. ਤਕਨੀਕ ਦੇ ਵਿਕਾਸ ਅਤੇ ਰਿਲੀਜ਼ ‘ਤੇ ਪੂਰੀ ਤਰ੍ਹਾਂ ਰੋਕ ਲੱਗ ਸਕਦੀ ਹੈ। ਐਂਥਰੋਪਿਕ ਨੇ ਕਿਹਾ ਕਿ ਉਹ ਅਸੁਰੱਖਿਅਤ ਏ.ਆਈ. ਤਕਨੀਕਾਂ ‘ਤੇ ਸਰਕਾਰੀ ਨਿਗਰਾਨੀ ਦੇ ਪੱਖ ਵਿਚ ਹਨ, ਪਰ ਅਜਿਹੀਆਂ ਕਾਰਵਾਈਆਂ ਪਾਰਦਰਸ਼ੀ ਪ੍ਰਕਿਰਿਆ ਅਤੇ ਸਪੱਸ਼ਟ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਹੋਣੀਆਂ ਚਾਹੀਦੀਆਂ ਹਨ। ਕੰਪਨੀ ਨੇ ਇਸ ਪੂਰੇ ਘਟਨਾਕ੍ਰਮ ਨੂੰ ਇੱਕ ‘ਗਲਤਫ਼ਹਿਮੀ’ ਕਰਾਰ ਦਿੰਦਿਆਂ ਆਪਣੇ ਗਾਹਕਾਂ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਮਾਡਲਾਂ ਦੀ ਸੇਵਾ ਨੂੰ ਜਲਦ ਤੋਂ ਜਲਦ ਬਹਾਲ ਕਰਵਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਅਮਰੀਕਾ ਵੱਲੋਂ ‘ਐਂਥਰੋਪਿਕ’ ਦੇ ‘ਫੇਬਲ 5’ ਅਤੇ ‘ਮਾਈਥੋਸ 5’ ਏ.ਆਈ. ਮਾਡਲਾਂ ‘ਤੇ ਰੋਕ ਦੇ ਆਦੇਸ਼

