ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਦੇਸ਼ ‘ਚ ਨਿਵੇਸ਼ ਕਰਨ ਅਤੇ ਅੱਗੇ ਚੱਲ ਕੇ ਪੱਕੇ ਰਿਹਾਇਸ਼ (ਗਰੀਨ ਕਾਰਡ) ਹਾਸਲ ਕਰਨ ਦੇ ਖ਼ਾਹਿਸ਼ਮੰਦ ਪ੍ਰਵਾਸੀਆਂ ਲਈ ਈਬੀ-5 ਨਿਵੇਸ਼ਕ ਪ੍ਰੋਗਰਾਮ ਦੀ ਫੀਸ ‘ਚ ਭਾਰੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਈਬੀ-5 ਨਿਵੇਸ਼ਕ ਪ੍ਰੋਗਰਾਮ ਭਾਰਤੀ ਉਦਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਗਰੀਨ ਕਾਰਡ ਹਾਸਲ ਕਰਨ ਦੇ ਭਰੋਸੇਯੋਗ ਰਸਤਿਆਂ ‘ਚੋਂ ਇੱਕ ਮੰਨਿਆ ਜਾਂਦਾ ਹੈ।
ਅਮਰੀਕੀ ਨਾਗਰਿਕਤਾ ਤੇ ਇਮੀਗਰੇਸ਼ਨ ਸੇਵਾ (ਯੂ.ਐੱਸ.ਸੀ.ਆਈ.ਐੱਸ.) ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਨਿਯਮ ਤਹਿਤ ਈਬੀ-5 ਵੀਜ਼ਾ ਲਈ ਅਰਜ਼ੀ ਦਾਇਰ ਕਰਨ ਦੀ ਫੀਸ ਦੁੱਗਣੇ ਤੋਂ ਵੱਧ ਹੋ ਜਾਵੇਗੀ। ਇਹ ਨਿਯਮ 30 ਨਵੰਬਰ ਤੋਂ ਅਮਲ ‘ਚ ਆਵੇਗਾ। ਅਮਰੀਕਾ ਦਾ ‘ਈਬੀ-5 ਨਿਵੇਸ਼ਕ ਪ੍ਰੋਗਰਾਮ’ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੱਕੀ ਰਿਹਾਇਸ਼ (ਗਰੀਨ ਕਾਰਡ) ਹਾਸਲ ਕਰਨ ਦਾ ਮੌਕਾ ਦਿੰਦਾ ਹੈ, ਜੋ ਕਿਸੇ ਅਮਰੀਕੀ ਵਪਾਰ ‘ਚ ਨਿਰਧਾਰਤ ਪੂੰਜੀ ਦਾ ਨਿਵੇਸ਼ ਕਰਦੇ ਹਨ ਅਤੇ ਅਮਰੀਕੀ ਕਾਮਿਆਂ ਲਈ ਘੱਟੋ-ਘੱਟ 10 ਕੁੱਲਵਕਤੀ ਨੌਕਰੀਆਂ ਪੈਦਾ ਕਰਦੇ ਹਨ। ਇਕੱਲੇ ਨਿਵੇਸ਼ ਕਰਨ ਵਾਲੇ ਅਰਜ਼ੀਕਾਰ ਲਈ ਫਾਰਮ ਆਈ-526 ਦੀ ਫੀਸ 3,675 ਡਾਲਰ ਤੋਂ ਵਧ ਕੇ 7,615 ਡਾਲਰ ਹੋ ਜਾਵੇਗੀ। ਮਨਜ਼ੂਰਸ਼ੁਦਾ ਰੀਜਨਲ ਸੈਂਟਰ ਰਾਹੀਂ ਨਿਵੇਸ਼ ਕਰਨ ਵਾਲੇ ਅਰਜ਼ੀਕਾਰ ਲਈ ਸ਼ੁਰੂਆਤੀ ਫਾਰਮ ਆਈ-526 ਲਈ ਫੀਸ 3,675 ਡਾਲਰ ਤੋਂ ਵਧ ਕੇ 7,850 ਡਾਲਰ ਹੋ ਜਾਵੇਗੀ। ਸ਼ੁਰੂਆਤੀ ਆਈ-526 ਅਤੇ ਆਈ-526 ਈ ਅਰਜ਼ੀਆਂ ‘ਤੇ 75 ਡਾਲਰ ਦੀ ਤਕਨਾਲੋਜੀ ਫੀਸ ਵੀ ਲੱਗੇਗੀ। ਨਵੀਂ ਫੀਸ ਦਾ ਐਲਾਨ ਕਰਦਿਆਂ ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਏਜੰਸੀ ਨੂੰ ਮੁੱਖ ਤੌਰ ‘ਤੇ ਅਰਜ਼ੀ ਫੀਸ ਰਾਹੀਂ ਮਿਲਣ ਵਾਲੀ ਰਾਸ਼ੀ ਨਾਲ ਵਿੱਤੀ ਫੰਡਿੰਗ ਮਿਲਦੀ ਹੈ, ਨਾ ਕਿ ਟੈਕਸਾਂ ਰਾਹੀਂ।
ਅਮਰੀਕਾ ਵੱਲੋਂ ਈਬੀ-5 ਨਿਵੇਸ਼ਕ ਪ੍ਰੋਗਰਾਮ ਦੀ ਫੀਸ ‘ਚ ਭਾਰੀ ਵਾਧੇ ਦਾ ਐਲਾਨ

