ਹਿੰਦੂ, ਸਿੱਖ ਅਤੇ ਯਹੂਦੀ ਭਾਈਚਾਰਿਆਂ ਨੇ ਬਿੱਲ ਦੀ ਹਮਾਇਤ ਕੀਤੀ
ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਅਮਰੀਕੀ ਸੰਸਦ ਮੈਂਬਰਾਂ ਨੇ ਧਾਰਮਿਕ ਸਥਾਨਾਂ ‘ਤੇ ਪ੍ਰੋਗਰਾਮਾਂ ਦੌਰਾਨ 100 ਫੁੱਟ ਦਾ ਪ੍ਰਦਰਸ਼ਨ-ਮੁਕਤ ਬਫਰ ਜ਼ੋਨ ਬਣਾਉਣ ਵਾਲੇ ਬਿੱਲ ਨੂੰ ਜਲਦੀ ਪਾਸ ਕਰਨ ਦੀ ਆਵਾਜ਼ ਬੁਲੰਦ ਕੀਤੀ ਹੈ। ਕੈਪੀਟਲ ਹਿੱਲ ‘ਤੇ ਹਿੰਦੂ, ਸਿੱਖ ਅਤੇ ਯਹੂਦੀ ਭਾਈਚਾਰਿਆਂ ਸਮੇਤ 30 ਤੋਂ ਵੱਧ ਗਰੁੱਪ ਬਿੱਲ ਦੀ ਹਮਾਇਤ ‘ਚ ਜੁੜੇ। ਕਾਂਗਰਸਮੈੱਨ ਟੌਮ ਸੁਓਜ਼ੀ ਅਤੇ ਬ੍ਰੈਡ ਨੌਟ ਵੱਲੋਂ ਪੇਸ਼ ‘ਰਾਈਟ ਟੂ ਵਰਸ਼ਿਪ ਐਕਟ’ ਤਹਿਤ ਧਾਰਮਿਕ ਸੇਵਾਵਾਂ ਸਮੇਂ ਪੂਜਾ ਘਰਾਂ ਦੇ ਆਲੇ-ਦੁਆਲੇ 100 ਫੁੱਟ ਦਾ ਘੇਰਾ ਬਣਾਇਆ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਧਾਰਮਿਕ ਸਮਾਗਮਾਂ ‘ਚ ਜਾਣ ਤੋਂ ਜਾਣਬੁੱਝ ਕੇ ਰੋਕਣਾ ਜਾਂ ਵਿਘਨ ਪਾਉਣਾ ਗ਼ੈਰ-ਕਾਨੂੰਨੀ ਹੋਵੇਗਾ।
ਡੈਮੋਕਰੈਟ ਆਗੂ ਸੁਓਜ਼ੀ ਨੇ ਕਿਹਾ ਕਿ ਪੂਜਾ ਕਰਨ ਦੇ ਅਧਿਕਾਰ ਲਈ ਕਿਸੇ ਨੂੰ ਵੀ ਆਪਣੇ ਮੰਦਰ, ਗੁਰਦੁਆਰੇ, ਚਰਚ ਜਾਂ ਮਸਜਿਦ ‘ਚ ਦਾਖ਼ਲ ਹੁੰਦੇ ਸਮੇਂ ਡਰਨ ਦੀ ਲੋੜ ਨਹੀਂ ਹੈ। ਰਿਪਬਲਿਕਨ ਸੰਸਦ ਮੈਂਬਰ ਬ੍ਰੈਡ ਨੌਟ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਧਾਰਮਿਕ ਆਜ਼ਾਦੀ ‘ਤੇ ਵਧ ਰਹੇ ਖ਼ਤਰੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹਨ।
ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਸੁਹਾਗ ਸ਼ੁਕਲਾ ਨੇ ਕਿਹਾ ਕਿ ਬੀਤੇ ਕੁਝ ਸਾਲਾਂ ‘ਚ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਨਾਲ ਮੰਦਰ ਪਵਿੱਤਰ ਸਥਾਨ ਬਣੇ ਰਹਿਣਗੇ। ਯੂਨਾਈਟਿਡ ਸਿੱਖਸ ਦੇ ਕੌਮਾਂਤਰੀ ਏਡ ਡਾਇਰੈਕਟਰ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਖੁੱਲ੍ਹੇਆਮ ਪੂਜਾ-ਪਾਠ ਕਰਨ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਜਮਹੂਰੀ ਸਮਾਜ ਲਈ ਜ਼ਰੂਰੀ ਹੈ। ਸਵਾਮੀਨਾਰਾਇਣ ਸੰਸਥਾ ਦੇ ਸਰਕਾਰੀ ਸਬੰਧਾਂ ਨਾਲ ਜੁੜੇ ਡਾਇਰੈਕਟਰ ਮੁਕੇਸ਼ ਸਵਰੂਪ ਨੇ ਕਿਹਾ ਕਿ ਬੀਤੇ ਕੁਝ ਸਾਲਾਂ ‘ਚ ਚਾਰ ਮੰਦਰਾਂ ‘ਚ ਭੰਨ-ਤੋੜ ਹੋਈ ਹੈ ਅਤੇ ਕਿਸੇ ਪਰਿਵਾਰ ਨੂੰ ਧਾਰਮਿਕ ਸਥਾਨ ‘ਤੇ ਜਾਣ ਤੋਂ ਪਹਿਲਾਂ ਦੋ ਵਾਰ ਸੋਚਣਾ ਨਾ ਪਵੇ।
ਅਮਰੀਕਾ ਵਿੱਚ ਧਾਰਮਿਕ ਸਥਾਨਾਂ ਨੇੜੇ ਬਫਰ ਜ਼ੋਨ ਬਾਰੇ ਬਿੱਲ ਛੇਤੀ ਪਾਸ ਕਰਨ ਦੀ ਮੰਗ

