#CANADA

ਅਮਰੀਕਾ ਵਿਚ ਕੈਨੇਡੀਅਨ ਨਾਗਰਿਕਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਹਿਰਾਸਤ ਦੇ ਮਾਮਲੇ 60 ਫ਼ੀਸਦੀ ਵਧੇ

ਓਟਾਵਾ, 10 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਕੈਨੇਡੀਅਨ ਨਾਗਰਿਕਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਹਿਰਾਸਤ ਦੇ ਮਾਮਲਿਆਂ ਵਿਚ ਵੱਡਾ ਵਾਧਾ ਹੋਇਆ ਹੈ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ, ਅਪ੍ਰੈਲ 2025 ਤੋਂ ਮਾਰਚ 2026 ਦਰਮਿਆਨ ਅਜਿਹੇ 577 ਮਾਮਲੇ ਦਰਜ ਹੋਏ। ਇਸ ਤੋਂ ਪਿਛਲੇ ਸਾਲ ਇਹ ਗਿਣਤੀ 361 ਸੀ। ਇਸ ਤਰ੍ਹਾਂ ਮਾਮਲਿਆਂ ਵਿਚ ਲਗਭਗ 60 ਫ਼ੀਸਦੀ ਵਾਧਾ ਹੋਇਆ ਹੈ।
ਇਸੇ ਸਮੇਂ ਦੌਰਾਨ ਕੈਨੇਡੀਅਨ ਲੋਕਾਂ ਦੇ ਅਮਰੀਕਾ ਜਾਣ ਦੀ ਗਿਣਤੀ 25 ਫ਼ੀਸਦੀ ਘਟੀ ਹੈ। ਪਿਛਲੇ ਸਾਲ ਦੇ ਲਗਭਗ ਦੋ ਕਰੋੜ 68 ਲੱਖ ਦੌਰਿਆਂ ਦੇ ਮੁਕਾਬਲੇ ਇਹ ਗਿਣਤੀ ਦੋ ਕਰੋੜ ਰਹਿ ਗਈ। ਰਿਪੋਰਟ ਵਿਚ ਗ੍ਰਿਫ਼ਤਾਰੀਆਂ ਅਤੇ ਹਿਰਾਸਤ ਦੇ ਮਾਮਲੇ ਵਧਣ ਦਾ ਕਾਰਨ ਨਹੀਂ ਦੱਸਿਆ ਗਿਆ।
ਵਾਸ਼ਿੰਗਟਨ ਰਾਜ ਦੇ ਬਲੇਨ ਸ਼ਹਿਰ ਵਿਚ ਕੰਮ ਕਰਦੇ ਇਮੀਗ੍ਰੇਸ਼ਨ ਵਕੀਲ ਲੈਨ ਸਾਂਡਰਜ਼ ਅਨੁਸਾਰ, ਚਿੰਤਾ ਸਿਰਫ਼ ਘੁੰਮਣ ਜਾਂ ਖ਼ਰੀਦਦਾਰੀ ਲਈ ਅਮਰੀਕਾ ਆਉਣ ਵਾਲਿਆਂ ਤੱਕ ਸੀਮਤ ਨਹੀਂ ਹੈ। ਕਈ ਪ੍ਰਭਾਵਿਤ ਕੈਨੇਡੀਅਨ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿੰਦੇ ਅਤੇ ਕੰਮ ਕਰਦੇ ਹਨ। ਕੁਝ ਕੋਲ ਗ੍ਰੀਨ ਕਾਰਡ ਹਨ, ਕੁਝ ਦੇ ਜੀਵਨ ਸਾਥੀ ਜਾਂ ਬੱਚੇ ਅਮਰੀਕੀ ਨਾਗਰਿਕ ਹਨ।
ਸਾਂਡਰਜ਼ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਮੁਵੱਕਿਲ ਕਈ ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਕਈਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਉੱਥੇ ਰਹਿਣਾ ਪੂਰੀ ਤਰ੍ਹਾਂ ਕਾਨੂੰਨੀ ਹੈ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਮਗਰੋਂ ਉਨ੍ਹਾਂ ਖ਼ਿਲਾਫ਼ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਸ਼ੁਰੂ ਹੋ ਗਈ।
ਵਕੀਲ ਮੁਤਾਬਕ, ਪੁਰਾਣੇ ਅਪਰਾਧਿਕ ਮਾਮਲੇ, ਨਸ਼ੀਲੇ ਪਦਾਰਥਾਂ ਨਾਲ ਜੁੜੀਆਂ ਸਜ਼ਾਵਾਂ ਜਾਂ ਮਨਜ਼ੂਰ ਸਮੇਂ ਤੋਂ ਵੱਧ ਰਹਿਣ ਵਰਗੀਆਂ ਉਲੰਘਣਾਵਾਂ ਹੁਣ ਮੁਸ਼ਕਲਾਂ ਪੈਦਾ ਕਰ ਰਹੀਆਂ ਹਨ। ਕੈਨੇਡਾ ਦੀ ਛੋਟੀ ਯਾਤਰਾ ਤੋਂ ਬਾਅਦ ਅਮਰੀਕਾ ਪਰਤਣ ਵਾਲੇ ਕੁਝ ਲੋਕਾਂ ਨੂੰ ਵੀ ਸਰਹੱਦ ਉੱਤੇ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੇ ਗ਼ੈਰਕਾਨੂੰਨੀ ਵੋਟ ਪਾਉਣ ਨਾਲ ਜੁੜੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ। ਸਾਂਡਰਜ਼ ਅਨੁਸਾਰ, ਪਿਛਲੇ ਦੋ ਹਫ਼ਤਿਆਂ ਵਿਚ ਲਗਭਗ 6 ਕੈਨੇਡੀਅਨਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਖ਼ਿਲਾਫ਼ ਪਿਛਲੀ ਵੋਟਿੰਗ ਕਾਰਨ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਚੱਲ ਰਹੀ ਹੈ।
ਟਰੰਪ ਦੇ ਜਨਵਰੀ 2025 ਵਿਚ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਛਾਪੇ ਵਧੇ ਹਨ। ਹਾਲਾਂਕਿ, ਕੈਨੇਡੀਅਨ ਵਿਭਾਗ ਦੀ ਰਿਪੋਰਟ ਨੇ ਇਸ ਨੂੰ ਵਧੇ ਮਾਮਲਿਆਂ ਦਾ ਸਿੱਧਾ ਕਾਰਨ ਨਹੀਂ ਦੱਸਿਆ।
ਦੁਨੀਆਂ ਭਰ ਵਿਚ ਇਸ ਮਿਆਦ ਦੌਰਾਨ ਕੈਨੇਡੀਅਨਾਂ ਦੀਆਂ ਗ੍ਰਿਫ਼ਤਾਰੀਆਂ ਜਾਂ ਹਿਰਾਸਤ ਦੇ ਕੁੱਲ 1,981 ਮਾਮਲੇ ਦਰਜ ਹੋਏ, ਜੋ ਪਿਛਲੇ ਸਾਲ ਨਾਲੋਂ ਲਗਭਗ 20 ਫ਼ੀਸਦੀ ਵੱਧ ਹਨ।