-4 ਕਰੋੜ ਲੋਕਾਂ ਲਈ ਚੇਤਾਵਨੀ ਜਾਰੀ
ਨਿਊਯਾਰਕ, 28 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿੱਚ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਤੇਜ਼ ਗਰਮੀ ਅਤੇ ਹੁਮਸ ਦਾ ਕਹਿਰ ਜਾਰੀ ਰਿਹਾ। ਇਸ ਦੌਰਾਨ ਅਮਰੀਕਾ ਵਿਚ 4 ਕਰੋੜ ਤੋਂ ਵੱਧ ਲੋਕ ਉਨ੍ਹਾਂ ਇਲਾਕਿਆਂ ਵਿਚ ਰਹਿ ਰਹੇ ਹਨ, ਜਿੱਥੇ ਅਧਿਕਾਰੀਆਂ ਨੇ ਅਤਿਅੰਤ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ। ਰਾਸ਼ਟਰੀ ਮੌਸਮ ਸੇਵਾ (ਐੱਨ.ਡਬਲਯੂ.ਐੱਸ.) ਦੇ ਅਨੁਸਾਰ ਹੀਟ ਇੰਡੈਕਸ ਮਤਲਬ ਗਰਮੀ ਸੂਚਕਾਂਕ (ਮਨੁੱਖੀ ਸਰੀਰ ਦੁਆਰਾ ਮਹਿਸੂਸ ਕੀਤਾ ਗਿਆ ਅਸਲ ਤਾਪਮਾਨ) 38 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਇਹ ਪ੍ਰਭਾਵ ਮਿਨੀਸੋਟਾ ਤੋਂ ਮਿਸੀਸਿਪੀ ਤੱਕ ਅਤੇ ਪੱਛਮ ਵਿਚ ਦੱਖਣੀ ਕੈਲੀਫੋਰਨੀਆ ਅਤੇ ਨੇਵਾਡਾ ਤੱਕ ਮਹਿਸੂਸ ਕੀਤਾ ਗਿਆ ਸੀ। ਦੱਖਣ-ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਹ ਤੇਜ਼ ਗਰਮੀ ”ਹੀਟ ਡੋਮ” ਕਾਰਨ ਪੈ ਰਹੀ ਹੈ। ਇਸ ਸਥਿਤੀ ਵਿਚ, ਉੱਚ ਹਵਾ ਦਾ ਦਬਾਅ ਇੱਕ ਵੱਡੇ ਖੇਤਰ ਉੱਤੇ ਇੱਕ ਗੁੰਬਦ ਵਰਗਾ ਢਾਂਚਾ ਬਣਾਉਂਦਾ ਹੈ, ਜੋ ਗਰਮ ਹਵਾ ਨੂੰ ਬਾਹਰ ਨਿਕਲਣ ਤੋਂ ਰੋਕਦਾ ਹੈ। ਇਸ ਕਾਰਨ ਤਾਪਮਾਨ ਵਧਦਾ ਹੈ ਅਤੇ ਤੀਬਰ ਗਰਮੀ ਕਈ ਦਿਨਾਂ ਤੱਕ ਬਣੀ ਰਹਿੰਦੀ ਹੈ। ਨੇਬਰਾਸਕਾ ਦੇ ਓਮਾਹਾ ਵਿਚ ਬੇਘਰਾਂ ਲੋਕਾਂ ਲਈ ਕੰਮ ਕਰਨ ਵਾਲੀ ਸੰਸਥਾ ਥ੍ਰੈਸ਼ਹੋਲਡ ਸੀਓਸੀ ਦੇ ਆਊਟਰੀਚ ਮੈਨੇਜਰ ਪੀਟ ਮਿਲਰ ਨੇ ਐਤਵਾਰ ਨੂੰ ਪਾਣੀ ਦੀਆਂ ਬੋਤਲਾਂ ਵੰਡਦੇ ਹੋਏ ਕਿਹਾ, ”ਗਰਮੀ ਬਹੁਤ ਜ਼ਿਆਦਾ ਤੇਜ਼ ਹੈ। ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖ ਰਹੇ ਹਾਂ, ਜੋ ਪੂਰੀ ਤਰ੍ਹਾਂ ਥੱਕ ਚੁੱਕੇ ਹਨ ਅਤੇ ਇਹ ਸਥਿਤੀ ਬਹੁਤ ਖ਼ਤਰਨਾਕ ਹੈ।”
ਐੱਨ.ਡਬਲਯੂ.ਐੱਸ. ਮੌਸਮ ਵਿਗਿਆਨੀ ਬੌਬ ਓਰਾਵੇਕ ਨੇ ਕਿਹਾ, ”ਇਸ ਵੇਲੇ ਗਰਮੀ ਮੱਧ ਸੰਯੁਕਤ ਰਾਜ ਵਿਚ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ। ਅਗਲੇ ਹਫ਼ਤੇ ਦੇ ਸ਼ੁਰੂ ਤੱਕ, ਗਰਮੀ ਦਾ ਮੁੱਖ ਕੇਂਦਰ ਦੱਖਣ ਵੱਲ ਤਬਦੀਲ ਹੋ ਜਾਵੇਗਾ।” ਉਨ੍ਹਾਂ ਕਿਹਾ ਕਿ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਨੂੰ ਹਫ਼ਤੇ ਦੇ ਅੱਧ ਤੱਕ ਗਰਮੀ ਤੋਂ ਕੁਝ ਅਸਥਾਈ ਰਾਹਤ ਮਿਲ ਸਕਦੀ ਹੈ, ਪਰ ਹਫਤੇ ਦੇ ਅੰਤ ਤੱਕ ਤਾਪਮਾਨ ਦੁਬਾਰਾ ਵਧਣ ਦੀ ਉਮੀਦ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਬੱਚਿਆਂ, ਬਜ਼ੁਰਗਾਂ ਅਤੇ ਕੁਝ ਡਾਕਟਰੀ ਸਥਿਤੀਆਂ ਵਾਲੇ ਲੋਕਾਂ ਨੂੰ ਗਰਮੀ ਦੀ ਲਹਿਰ ਤੋਂ ਬਚਣ ਦੀ ਲੋੜ ਹੈ। ਮਾਹਿਰਾਂ ਨੇ ਲੋਕਾਂ ਨੂੰ ਏਅਰ-ਕੰਡੀਸ਼ਨਡ ਥਾਵਾਂ ਜਾਂ ਕੂਲਿੰਗ ਸੈਂਟਰਾਂ ਵਿਚ ਰਹਿਣ, ਬਹੁਤ ਸਾਰਾ ਪਾਣੀ ਪੀਣ ਅਤੇ ਤੇਜ਼ ਧੁੱਪ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਅਮਰੀਕਾ ਦੇ ਮੱਧ ਅਤੇ ਦੱਖਣੀ ਹਿੱਸਿਆਂ ‘ਚ ਹੀਟਵੇਵ ਦਾ ਕਹਿਰ!

