#AMERICA

ਅਮਰੀਕਾ ‘ਚ ਭਾਰਤੀ ਨੌਜਵਾਨ ਦੇ ਨਾਂ ‘ਤੇ ਬਣੇਗਾ ‘ਕਾਨੂੰਨ’!

-ਘੋੜਾ-ਗੱਡੀਆਂ ‘ਤੇ ਪਾਬੰਦੀ ਦੀ ਤਿਆਰੀ
ਨਿਊਯਾਰਕ, 23 ਜੂਨ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਥਿਤ ਮਸ਼ਹੂਰ ਸੈਂਟਰਲ ਪਾਰਕ ਵਿਚ ਘੋੜਾ-ਗੱਡੀਆਂ ‘ਤੇ ਪਾਬੰਦੀ ਲਗਾਉਣ ਵਾਲੇ ਇੱਕ ਅਹਿਮ ਬਿੱਲ ਦਾ ਨਾਂ ਹੁਣ ਇੱਕ ਭਾਰਤੀ ਨੌਜਵਾਨ ਦੇ ਸਨਮਾਨ ਵਿਚ ਬਦਲਿਆ ਜਾਵੇਗਾ। ਇਸ ਬਿੱਲ ਦਾ ਨਾਂ ਹੁਣ ‘ਰੋਮਾਂਚ ਲਾਅ’ ਰੱਖਿਆ ਜਾਵੇਗਾ, ਜੋ 18 ਸਾਲਾ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਨੂੰ ਸਮਰਪਿਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪਠਾਨਕੋਟ ਤੋਂ ਆਏ ਪਰਿਵਾਰ ਨਾਲ ਸੈਂਟਰਲ ਪਾਰਕ ਵਿਚ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਸੀ। ਰੋਮਾਂਚ ਮਹਾਜਨ ਆਪਣੀ ਮਾਂ ਨਾਲ ਘੋੜਾ-ਗੱਡੀ ਦੀ ਸਵਾਰੀ ਕਰ ਰਿਹਾ ਸੀ ਕਿ ਅਚਾਨਕ ਘੋੜਾ ਬੇਕਾਬੂ ਹੋ ਗਿਆ।
ਘੋੜੇ ਦੇ ਬੇਕਾਬੂ ਹੋਣ ਕਾਰਨ ਰੋਮਾਂਚ ਦੀ ਮਾਂ ਗੱਡੀ ਤੋਂ ਹੇਠਾਂ ਡਿੱਗ ਗਈ ਸੀ, ਜਿਸ ਤੋਂ ਬਾਅਦ ਆਪਣੀ ਮਾਂ ਨੂੰ ਬਚਾਉਣ ਲਈ ਰੋਮਾਂਚ ਨੇ ਚਲਦੀ ਗੱਡੀ ਤੋਂ ਛਲਾਂਗ ਲਗਾ ਦਿੱਤੀ। ਇਸ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਹਾਦਸੇ ਵਿਚ ਰੋਮਾਂਚ ਦੀ ਮਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ।
ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰ ਕ੍ਰਿਸਟੋਫਰ ਮਾਰਟੇ ਨੇ ਸੈਂਟਰਲ ਪਾਰਕ ਵਿਚ ਆਯੋਜਿਤ ਇੱਕ ਸ਼ਰਧਾਂਜਲੀ ਸਭਾ ਦੌਰਾਨ ਇਸ ਫੈਸਲੇ ਦਾ ਐਲਾਨ ਕੀਤਾ। ਮਾਰਟੇ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇਸ ਬਿੱਲ ਦਾ ਨਾਂ ‘ਰਾਈਡਰਜ਼ ਲਾਅ’ ਰੱਖਿਆ ਸੀ। ਇਹ ਨਾਂ ‘ਰਾਈਡਰ’ ਨਾਮਕ ਇੱਕ 26 ਸਾਲਾ ਘੋੜੇ ਦੇ ਨਾਂ ‘ਤੇ ਸੀ, ਜਿਸ ਨੂੰ ਅਗਸਤ 2022 ਵਿਚ ਜ਼ਬਰਦਸਤੀ ਗੱਡੀ ਖਿੱਚਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ ਸੀ। ਹੁਣ ਰੋਮਾਂਚ ਦੀ ਕੁਰਬਾਨੀ ਨੂੰ ਦੇਖਦਿਆਂ ਇਸ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸ ਨਵੇਂ ਕਾਨੂੰਨ ਰਾਹੀਂ ਘੋੜਾ-ਗੱਡੀਆਂ ‘ਤੇ ਮੁਕੰਮਲ ਪਾਬੰਦੀ ਲਗਾ ਕੇ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ਼ਰਧਾਂਜਲੀ ਸਭਾ ਦੌਰਾਨ ਰੋਮਾਂਚ ਦੇ ਪਰਿਵਾਰ ਦਾ ਇੱਕ ਭਾਵੁਕ ਪੱਤਰ ਵੀ ਪੜ੍ਹਿਆ ਗਿਆ। ਪਰਿਵਾਰ ਨੇ ਸਵਾਰੀ ਸੇਵਾਵਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਬੱਚੇ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਹਨ, ਉਸੇ ਸਮੇਂ ਘੋੜਾ-ਗੱਡੀਆਂ ਦਾ ਦੁਬਾਰਾ ਸੜਕਾਂ ‘ਤੇ ਆਉਣਾ ਉਨ੍ਹਾਂ ਦਾ ਅਪਮਾਨ ਹੈ। ਪੱਤਰ ਵਿਚ ਲਿਖਿਆ ਗਿਆ ਕਿ ਇਹ ਉਦਯੋਗ ਨਿਊਯਾਰਕ ਦੇ ਹਰ ਵਸਨੀਕ ਅਤੇ ਸੈਲਾਨੀ ਦੀ ਸੁਰੱਖਿਆ ਲਈ ਖ਼ਤਰਾ ਹੈ। ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਵੀ ਰੋਮਾਂਚ ਦੇ ਅਚਾਨਕ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿਚ ਪਰਿਵਾਰ ਦੇ ਨਾਲ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।