ਸੈਕਰਾਮੈਂਟੋ, 5 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਇੱਕ ਸੁਵਿਧਾ ਸਟੋਰ ਦੇ ਮਾਲਕ ਨੇ ਇੱਕ ਜਾਅਲੀ ਡਕੈਤੀ ਵਿਚ ਮਦਦ ਕਰਨ ਦਾ ਦੋਸ਼ ਮੰਨਿਆ ਹੈ, ਤਾਂ ਜੋ ਇੱਕ ਭਾਰਤੀ ਸਟੋਰ ਕਲਰਕ ਅਪਰਾਧ ਪੀੜਤ ਵਜੋਂ ਅਮਰੀਕਾ ਵਿਚ ਰਹਿਣ ਦਾ ਅਧਿਕਾਰ ਪ੍ਰਾਪਤ ਕਰ ਸਕੇ। ਨਿਆਂ ਵਿਭਾਗ ਨੇ ਕਿਹਾ ਹੈ ਕਿ ਕਲਰਕ ਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ ਹੈ। ਨਿਆਂ ਵਿਭਾਗ ਨੇ ਕਲਰਕ ਦਾ ਨਾਂ ਜਨਤਕ ਨਹੀਂ ਕੀਤਾ ਹੈ ਤੇ ਅਦਾਲਤੀ ਦਸਤਾਵੇਜਾਂ ਵਿਚ ਉਸ ਦਾ ਨਾਂ ਸੀ.ਏ. ਵਜੋਂ ਦਰਜ ਹੈ। ਕੋਲੰਬੀਆ ਦੇ 47 ਸਾਲਾ ਬਿਰੇਨਕੁਮਾਰ ਰਮੇਸ਼ਭਾਈ ਪਟੇਲ ਨੇ ਮੰਨਿਆ ਕਿ ਡਕੈਤੀ ਫਰਜ਼ੀ ਸੀ ਤੇ ਉਹ ਭਾਰਤੀ ਕਲਰਕ ਜੋ ਉਸ ਦੇ ਹੀ ਫੇਅਰਫੀਲਡ ਕਾਉਂਟੀ ਸੁਵਿਧਾ ਸਟੋਰ ‘ਚ ਕੰਮ ਕਰਦਾ ਸੀ, ਨੂੰ ਇਕ ਪੀੜਤ ਵਜੋਂ ਕਾਨੂੰਨੀ ਸਥਾਈ ਨਿਵਾਸ ਦਿਵਾਉਣ ‘ਚ ਮਦਦ ਕਰਨੀ ਚਾਹੁੰਦਾ ਸੀ। ਸੰਘੀ ਵਕੀਲਾਂ ਨੇ ਕਿਹਾ ਕਿ 9 ਮਾਰਚ 2025 ਨੂੰ ਫਰਜ਼ੀ ਡਕੈਤੀ ਦੌਰਾਨ ਪਟੇਲ ਨੇ ਆਪਣਾ ਚੇਹਰਾ ਢੱਕਿਆ, ਇੱਕ ਲੰਬੀ ਬਾਹਾਂ ਵਾਲੀ ਜੈਕੇਟ ਪਹਿਨੀ ਅਤੇ ਇਸ ਤਰ੍ਹਾਂ ਕੰਮ ਕੀਤਾ, ਜਿਵੇਂ ਉਹ ਕਲਰਕ ਨੂੰ ਲੁੱਟ ਰਿਹਾ ਹੋਵੇ। 911 ‘ਤੇ ਕਾਲ ਕੀਤੀ ਗਈ ਅਤੇ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਕਲਰਕ ਨੂੰ ਹਸਪਤਾਲ ਲਿਜਾਇਆ ਗਿਆ ਸੀ। ਕਲਰਕ 18 ਸਤੰਬਰ, 2024 ਨੂੰ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਅਤੇ ਫਰਜ਼ੀ ਲੁੱਟ ਦੀ ਘਟਨਾ ਤੋਂ ਪਹਿਲਾਂ ਹੀ ਉਹ ਦੇਸ਼ ਨਿਕਾਲੇ ਦੀ ਪ੍ਰਕ੍ਰਿਆ ਤਹਿਤ ਸੀ।
ਅਮਰੀਕਾ ‘ਚ ਜਾਅਲੀ ਡਕੈਤੀ ਮਾਮਲੇ ‘ਚ ਭਾਰਤੀ ਕਲਰਕ ਡਿਪੋਰਟ!

