#INDIA

ਅਮਰੀਕਾ ‘ਚ ਕਾਨੂੰਨੀ ਚੁਣੌਤੀਆਂ ਨੂੰ ਪਿੱਛੇ ਛੱਡਿਆ: ਗੌਤਮ ਅਡਾਨੀ

ਨਵੀਂ ਦਿੱਲੀ, 1 ਜੂਨ (ਪੰਜਾਬ ਮੇਲ)- ਭਾਰਤ ਦੇ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਗਰੁੱਪ ਅਮਰੀਕਾ ਵਿਚ ਸਾਹਮਣਾ ਕਰ ਰਹੀਆਂ ਕਾਨੂੰਨੀ ਚੁਣੌਤੀਆਂ ਨੂੰ ਹੁਣ ਪਿੱਛੇ ਛੱਡ ਚੁੱਕਾ ਹੈ ਅਤੇ ਹੁਣ ਪੂਰਾ ਧਿਆਨ ਨਵੀਂ ਪੀੜ੍ਹੀ ਦੇ ਇਨਫਰਾਸਟਰਕਚਰ, ਊਰਜਾ, ਲੋਜਿਸਟਿਕਸ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਨਾਲ ਜੁੜੇ ਵੱਡੇ ਪ੍ਰੋਜੈਕਟਾਂ ‘ਤੇ ਕੇਂਦਰਿਤ ਕੀਤਾ ਜਾ ਰਿਹਾ ਹੈ।
ਸ਼ੇਅਰਹੋਲਡਰਾਂ ਨੂੰ ਲਿਖੇ ਆਪਣੇ ਸਾਲਾਨਾ ਪੱਤਰ ਵਿਚ ਗੌਤਮ ਅਡਾਨੀ ਨੇ ਕਿਹਾ ਕਿ ਪਿਛਲਾ ਇੱਕ ਸਾਲ ਗਰੁੱਪ ਲਈ ਕਾਫ਼ੀ ਚੁਣੌਤੀਪੂਰਨ ਰਿਹਾ, ਪਰ ਇਸ ਦੇ ਬਾਵਜੂਦ ਕੰਪਨੀ ਨੇ ਆਪਣੇ ਵਿਕਾਸ ਦੀ ਰਫ਼ਤਾਰ ਨਹੀਂ ਰੋਕੀ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਚੱਲ ਰਹੇ ਕਾਨੂੰਨੀ ਮਾਮਲੇ ਹੁਣ ”ਸਾਡੇ ਪਿੱਛੇ ਹਨ” ਅਤੇ ਗਰੁੱਪ ਆਪਣੇ ਅਗਲੇ ਵਿਕਾਸ ਪੜਾਅ ਵਿਚ ਦਾਖ਼ਲ ਹੋ ਰਿਹਾ ਹੈ।
ਅਡਾਨੀ ਨੇ ਦਾਅਵਾ ਕੀਤਾ ਕਿ ਮੁਸ਼ਕਲ ਸਮੇਂ ਦੌਰਾਨ ਵੀ ਨਿਵੇਸ਼ਕਾਂ ਦਾ ਭਰੋਸਾ ਗਰੁੱਪ ਉੱਤੇ ਬਣਿਆ ਰਿਹਾ। ਉਨ੍ਹਾਂ ਨੇ ਅਡਾਨੀ ਐਂਟਰਪ੍ਰਾਈਜਿਜ਼ ਵੱਲੋਂ ਲਿਆਂਦੇ ਗਏ ਲਗਭਗ 24,930 ਕਰੋੜ ਦੇ ਰਾਈਟਸ ਇਸ਼ੂ ਨੂੰ ਇਸ ਭਰੋਸੇ ਦੀ ਵੱਡੀ ਮਿਸਾਲ ਦੱਸਿਆ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਏ.ਆਈ.-ਅਧਾਰਿਤ ਡਾਟਾ ਸੈਂਟਰ, ਬਿਜਲੀ ਉਤਪਾਦਨ, ਟਰਾਂਸਪੋਰਟ ਨੈੱਟਵਰਕ, ਲੋਜਿਸਟਿਕਸ ਅਤੇ ਡਿਜ਼ਿਟਲ ਇਨਫਰਾਸਟਰਕਚਰ ਦੀ ਮੰਗ ਤੇਜ਼ੀ ਨਾਲ ਵਧੇਗੀ ਅਤੇ ਅਡਾਨੀ ਗਰੁੱਪ ਇਸ ਮੌਕੇ ਦਾ ਵੱਡਾ ਲਾਭ ਲੈਣ ਦੀ ਤਿਆਰੀ ਕਰ ਰਿਹਾ ਹੈ। ਅਡਾਨੀ ਨੇ ਕਿਹਾ, ”ਏ.ਆਈ. ਤੋਂ ਪਹਿਲਾਂ ਊਰਜਾ ਦੀ ਲੋੜ ਹੁੰਦੀ ਹੈ,” ਅਤੇ ਇਸੇ ਲਈ ਗਰੁੱਪ ਬਿਜਲੀ ਅਤੇ ਬੁਨਿਆਦੀ ਢਾਂਚੇ ਵਿਚ ਵੱਡੇ ਨਿਵੇਸ਼ ਕਰ ਰਿਹਾ ਹੈ।
ਯਾਦ ਰਹੇ ਕਿ 2024 ਵਿਚ ਅਮਰੀਕੀ ਅਧਿਕਾਰੀਆਂ ਵੱਲੋਂ ਗੌਤਮ ਅਡਾਨੀ ਅਤੇ ਕੁਝ ਹੋਰ ਅਧਿਕਾਰੀਆਂ ਖ਼ਿਲਾਫ਼ ਕਥਿਤ ਰਿਸ਼ਵਤਖੋਰੀ ਅਤੇ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤੇ ਗਏ ਸਨ। ਅਡਾਨੀ ਗਰੁੱਪ ਨੇ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ।
ਹਾਲ ਹੀ ਵਿਚ ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਡਾਨੀ ਖ਼ਿਲਾਫ਼ ਚੱਲ ਰਹੇ ਫੌਜਦਾਰੀ ਮਾਮਲੇ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਦਕਿ ਕੁਝ ਸਿਵਲ ਮਾਮਲਿਆਂ ਵਿਚ ਵੀ ਸਮਝੌਤੇ ਹੋਏ। ਇਸ ਤੋਂ ਬਾਅਦ ਅਡਾਨੀ ਗਰੁੱਪ ਨੇ ਕਿਹਾ ਕਿ ਹੁਣ ਕੰਪਨੀ ਦੇ ਵਿਸਥਾਰ ਅਤੇ ਫੰਡ ਇਕੱਠਾ ਕਰਨ ਦੇ ਰਸਤੇ ਵਿਚ ਆ ਰਹੀਆਂ ਵੱਡੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ।
ਕਾਰੋਬਾਰੀ ਮਾਹਿਰਾਂ ਦਾ ਮੰਨਣਾ ਹੈ ਕਿ ਅਡਾਨੀ ਦਾ ਇਹ ਬਿਆਨ ਸਿਰਫ਼ ਕਾਨੂੰਨੀ ਰਾਹਤ ਦਾ ਸੰਕੇਤ ਨਹੀਂ, ਸਗੋਂ ਨਿਵੇਸ਼ਕਾਂ ਅਤੇ ਗਲੋਬਲ ਬਾਜ਼ਾਰਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਹੈ ਕਿ ਗਰੁੱਪ ਹੁਣ ਮੁੜ ਤੇਜ਼ੀ ਨਾਲ ਵੱਡੇ ਪ੍ਰੋਜੈਕਟਾਂ ਵੱਲ ਵਧਣਾ ਚਾਹੁੰਦਾ ਹੈ। ਖ਼ਾਸ ਕਰਕੇ ਏ.ਆਈ., ਗ੍ਰੀਨ ਐਨਰਜੀ ਅਤੇ ਡਿਜ਼ੀਟਲ ਇਨਫਰਾਸਟਰਕਚਰ ਦੇ ਖੇਤਰ ਵਿਚ ਅਡਾਨੀ ਗਰੁੱਪ ਆਉਣ ਵਾਲੇ ਸਾਲਾਂ ਵਿਚ ਵੱਡੇ ਨਿਵੇਸ਼ ਕਰਨ ਦੀ ਤਿਆਰੀ ਵਿਚ ਹੈ।