ਵਾਸ਼ਿੰਗਟਨ, 4 ਨਵੰਬਰ (ਪੰਜਾਬ ਮੇਲ)- 3 ਨਵੰਬਰ 2026 ਨੂੰ ਰਾਤ 11:59 ਵਜੇ ਈਸਟਰਨ ਸਮੇਂ ਤੋਂ ਅਮਰੀਕਾ ਆਉਣ ਵਾਲੀਆਂ ਵਿਦੇਸ਼ੀ ਉਡਾਣਾਂ ਦੇ ਯਾਤਰੀਆਂ ਲਈ ਨਵੀਂ ਸਿਹਤ ਸੰਬੰਧੀ ਸ਼ਰਤ ਲਾਗੂ ਹੋਵੇਗੀ। ਹਰ ਯਾਤਰੀ ਨੂੰ ਲਿਖਤੀ ਜਾਂ ਡਿਜੀਟਲ ਬਿਆਨ ਦੇਣਾ ਪਵੇਗਾ ਕਿ ਉਹ ਉਡਾਣ ‘ਤੇ ਚੜ੍ਹਨ ਤੋਂ ਪਹਿਲਾਂ ਦੇ 21 ਦਿਨਾਂ ਵਿਚ ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ (ਡੀ.ਆਰ.ਸੀ.) ਵਿਚ ਨਹੀਂ ਗਿਆ। ਇਹ ਨਿਯਮ ਵਿਦੇਸ਼ ਤੋਂ ਅਮਰੀਕਾ ਆਉਣ ਵਾਲੀਆਂ ਉਡਾਣਾਂ ‘ਤੇ ਲਾਗੂ ਹੋਵੇਗਾ।
ਇਹ ਸ਼ਰਤ ਅਮਰੀਕੀ ਨਾਗਰਿਕਾਂ, ਗ੍ਰੀਨ ਕਾਰਡ ਧਾਰਕਾਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਸਮੇਤ ਸਾਰੇ ਹਵਾਈ ਯਾਤਰੀਆਂ ‘ਤੇ ਲਾਗੂ ਹੈ। ਜੇ ਕਿਸੇ ਨੇ ਪਿਛਲੇ 21 ਦਿਨਾਂ ਵਿਚ ਡੀ.ਆਰ.ਸੀ. ਦਾ ਸਫ਼ਰ ਕੀਤਾ ਹੈ, ਤਾਂ ਸਰਕਾਰ ਵੱਲੋਂ ਛੋਟ ਮਿਲਣ ਤੋਂ ਬਿਨਾਂ ਉਸ ਨੂੰ ਅਮਰੀਕਾ ਜਾਣ ਵਾਲੀ ਉਡਾਣ ‘ਤੇ ਚੜ੍ਹਨ ਦੀ ਇਜਾਜ਼ਤ ਨਹੀਂ ਹੋਵੇਗੀ। ਡੀ.ਆਰ.ਸੀ. ਦੇ ਹਵਾਈ ਅੱਡੇ ਰਾਹੀਂ ਸਿਰਫ਼ ਟਰਾਂਜ਼ਿਟ ਕਰਨ ਵਾਲਾ ਵਿਅਕਤੀ ਵੀ ਇਸ ਗਿਣਤੀ ਵਿਚ ਆ ਸਕਦਾ ਹੈ, ਭਾਵੇਂ ਉਹ ਹਵਾਈ ਅੱਡੇ ਤੋਂ ਬਾਹਰ ਨਾ ਗਿਆ ਹੋਵੇ।
ਇਸ ਬਿਆਨ ਦਾ ਮਕਸਦ ਇਬੋਲਾ ਬਿਮਾਰੀ ਦੇ ਅਮਰੀਕਾ ਵਿਚ ਫੈਲਣ ਦੇ ਖ਼ਤਰੇ ਨੂੰ ਘਟਾਉਣਾ ਹੈ। ਸੀ.ਡੀ.ਸੀ. ਮੁਤਾਬਕ 21 ਦਿਨਾਂ ਦੀ ਮਿਆਦ ਇਬੋਲਾ ਦੇ ਲੱਛਣ ਸਾਹਮਣੇ ਆਉਣ ਦੀ ਵੱਧ ਤੋਂ ਵੱਧ ਸੰਭਾਵੀ ਮਿਆਦ ਨੂੰ ਧਿਆਨ ਵਿਚ ਰੱਖ ਕੇ ਰੱਖੀ ਗਈ ਹੈ। ਸੀ.ਡੀ.ਸੀ. ਨੇ ਕਿਹਾ ਹੈ ਕਿ ਆਮ ਲੋਕਾਂ ਅਤੇ ਯਾਤਰੀਆਂ ਲਈ ਕੁੱਲ ਖ਼ਤਰਾ ਘੱਟ ਹੈ।
ਏਅਰਲਾਈਨਾਂ ਯਾਤਰੀਆਂ ਤੋਂ ਕਾਗਜ਼ੀ ਜਾਂ ਡਿਜ਼ੀਟਲ ਦਸਤਖ਼ਤ ਲੈਣਗੀਆਂ ਅਤੇ ਬਿਆਨ ਦਾ ਰਿਕਾਰਡ ਰੱਖਣਗੀਆਂ। ਗਲਤ ਜਾਣਕਾਰੀ ਜਾਣਬੁੱਝ ਕੇ ਦੇਣ ‘ਤੇ ਕਾਨੂੰਨੀ ਸਜ਼ਾ ਹੋ ਸਕਦੀ ਹੈ। ਯਾਤਰੀ ਆਪਣੀ ਉਡਾਣ ਤੋਂ ਪਹਿਲਾਂ ਏਅਰਲਾਈਨ ਨਾਲ ਪੁੱਛ ਕੇ ਪਤਾ ਕਰ ਲੈਣ ਕਿ ਬਿਆਨ ਕਿਵੇਂ ਦੇਣਾ ਹੈ।
ਅਮਰੀਕਾ ਆਉਣ ਵਾਲੇ ਹਵਾਈ ਯਾਤਰੀਆਂ ਲਈ ਸੀ.ਡੀ.ਸੀ. ਦਾ ਨਵਾਂ ਨਿਯਮ

