ਵਾਸ਼ਿੰਗਟਨ, 19 ਅਕਤੂਬਰ (ਪੰਜਾਬ ਮੇਲ)- ਇਲੀਨੋਇਸ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਡੇਲੀਆ ਰਮੀਰੇਜ਼ ਨੇ ਅਮਰੀਕਾ ਦੇ ਇਮੀਗ੍ਰੇਸ਼ਨ ਢਾਂਚੇ ਵਿਚ ਵੱਡਾ ਬਦਲਾਅ ਕਰਨ ਲਈ ”ਰੀਇਮੈਜਿਨਿੰਗ ਸੇਫਟੀ ਐਕਟ” ਨਾਮ ਦਾ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਵਿਚ ਹੋਮਲੈਂਡ ਸਕਿਓਰਿਟੀ ਵਿਭਾਗ ਨੂੰ ਖ਼ਤਮ ਕਰਕੇ ਉਸ ਦੀ ਥਾਂ ”ਡਿਪਾਰਟਮੈਂਟ ਆਫ਼ ਕਮਿਊਨਿਟੀ ਸੇਫਟੀ” ਬਣਾਉਣ ਦੀ ਮੰਗ ਕੀਤੀ ਗਈ ਹੈ। ਬਿੱਲ ਆਈਸ ਅਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੂੰ ਵੀ ਖ਼ਤਮ ਕਰਨ ਦੀ ਤਜਵੀਜ਼ ਰੱਖਦਾ ਹੈ।
ਰਮੀਰੇਜ਼ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਪ੍ਰਵਾਸੀ ਭਾਈਚਾਰਿਆਂ ਵਿਚ ਡਰ ਪੈਦਾ ਕਰਦੀ ਹੈ ਅਤੇ ਸਰਕਾਰੀ ਪੈਸਾ ਲੋਕਾਂ ਦੀ ਸੁਰੱਖਿਆ, ਰਿਹਾਇਸ਼, ਸਿੱਖਿਆ ਅਤੇ ਸਿਹਤ ਸੇਵਾਵਾਂ ਉੱਤੇ ਖ਼ਰਚ ਹੋਣਾ ਚਾਹੀਦਾ ਹੈ। ਬਿੱਲ ਸਰਕਾਰੀ ਨਿਗਰਾਨੀ ਘਟਾਉਣ, ਲੋਕਾਂ ਦੇ ਨਿੱਜੀ ਅੰਕੜਿਆਂ ਦੀ ਗਲਤ ਵਰਤੋਂ ਰੋਕਣ ਅਤੇ ਹਥਿਆਰਬੰਦ ਕਾਰਵਾਈਆਂ ਉੱਤੇ ਪਾਬੰਦੀਆਂ ਲਾਉਣ ਦੀ ਗੱਲ ਵੀ ਕਰਦਾ ਹੈ।
ਇਸ ਤਜਵੀਜ਼ ਅਨੁਸਾਰ ਹੋਮਲੈਂਡ ਸਕਿਓਰਿਟੀ ਦੇ ਸਾਰੇ ਕੰਮ ਬੰਦ ਨਹੀਂ ਹੋਣਗੇ। ਫੇਮਾ ਅਤੇ ਸਾਈਬਰ ਸੁਰੱਖਿਆ ਨਾਲ ਜੁੜੇ ਕੰਮ ਨਵੇਂ ਵਿਭਾਗ ਅਧੀਨ ਜਾਰੀ ਰਹਿਣਗੇ। ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਨਿਆਂ ਵਿਭਾਗ ਨੂੰ ਦਿੱਤੀ ਜਾਵੇਗੀ। ਕਸਟਮਜ਼ ਦਾ ਕੰਮ ਖ਼ਜ਼ਾਨਾ ਵਿਭਾਗ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਤੇ ਕੋਸਟ ਗਾਰਡ ਦਾ ਕੰਮ ਆਵਾਜਾਈ ਵਿਭਾਗ ਨੂੰ ਸੌਂਪਿਆ ਜਾਵੇਗਾ।
ਫਿਲਹਾਲ ਇਹ ਸਿਰਫ਼ ਇੱਕ ਬਿੱਲ ਹੈ, ਕਾਨੂੰਨ ਨਹੀਂ। ਇਸ ਲਈ ਆਈਸ, ਸੀ.ਬੀ.ਪੀ. ਜਾਂ ਹੋਮਲੈਂਡ ਸਕਿਓਰਿਟੀ ਤੁਰੰਤ ਬੰਦ ਨਹੀਂ ਹੋ ਰਹੇ। ਬਿੱਲ ਦੇ ਸਮਰਥਕ ਬਹੁਤ ਘੱਟ ਹਨ ਅਤੇ ਰਿਪਬਲਿਕਨ ਪਾਰਟੀ ਦੇ ਕਾਬੂ ਵਾਲੀ ਕਾਂਗਰਸ ਵਿਚ ਇਸ ਦੇ ਪਾਸ ਹੋਣ ਦੀ ਸੰਭਾਵਨਾ ਵੀ ਕਾਫ਼ੀ ਘੱਟ ਮੰਨੀ ਜਾ ਰਹੀ ਹੈ। ਰਿਪਬਲਿਕਨ ਆਗੂਆਂ ਨੇ ਇਸ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਹੈ।
ਅਮਰੀਕਾ ਆਈਸ ਤੇ ਸੀ.ਬੀ.ਪੀ. ਖਤਮ ਕਰਨ ਲਈ ਡੈਮੋਕ੍ਰੇਟ ਸੰਸਦ ਮੈਂਬਰ ਵੱਲੋਂ ਬਿੱਲ ਪੇਸ਼

