#AMERICA

White House ਦੀ ਸੁਰੱਖਿਆ ‘ਚ ਵੱਡੀ ਕੋਤਾਹੀ; ਕੰਪਾਊਂਡ ਗੇਟ ਨਾਲ ਟਕਰਾਈ ਕਾਰ, ਡਰਾਈਵਰ ਗ੍ਰਿਫਤਾਰ

ਵਾਸ਼ਿੰਗਟਨ ਡੀ.ਸੀ., 9 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਵਾਸ਼ਿੰਗਟਨ ਡੀ.ਸੀ. ‘ਚ ਸੁਰੱਖਿਆ ‘ਚ ਵੱਡੀ ਢਿੱਲ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ਅਨੁਸਾਰ ਬੀਤੀ ਰਾਤ ਇਕ ਕਾਰ ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈ।
ਘਟਨਾ ਸਮੇਂ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ‘ਚ ਮੌਜੂਦ ਨਹੀਂ ਸਨ। ਪਿਛਲੇ ਮਹੀਨੇ ਹੀ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਸੁਰੱਖਿਆ ਖੁੰਝ ਗਈ ਸੀ, ਤਾਂ ਇੱਕ ਕਾਰ ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਯੂ.ਐੱਸ. ਸੀਕ੍ਰੇਟ ਸਰਵਿਸ ਚੀਫ ਆਫ ਕਮਿਊਨੀਕੇਸ਼ਨਜ਼ ਐਂਥਨੀ ਗੁਗਲੀਏਲਮੀ ਦੇ ਅਨੁਸਾਰ, ਇਹ ਘਟਨਾ ਸੋਮਵਾਰ ਰਾਤ (ਸਥਾਨਕ ਸਮੇਂ ਅਨੁਸਾਰ) ਕਰੀਬ 6:00 ਕੁ ਵਜੇ ਦੇ ਕਰੀਬ ਵਾਪਰੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਫਲੇ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2020 ‘ਚ ਵੱਡੀ ਗਿਣਤੀ ‘ਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਵ੍ਹਾਈਟ ਹਾਊਸ ਸਥਿਤ ਕੈਪੀਟਲ ਹਿੱਲ ‘ਚ ਹਿੰਸਕ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਸੀ।