#AMERICA

Sikh ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਨਵੇਂ ਸਰਕਾਰੀ ਕਾਨੂੰਨ ਬਣਵਾਉਣ ਲਈ ਮੋਢੀ ਵਜੋਂ ਕੰਮ ਕਰੇਗੀ

ਫਰਿਜ਼ਨੋ, 6 ਫਰਵਰੀ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੀ ਵਿਸ਼ੇਸ਼ ਮੀਟਿੰਗ ਸੈਂਟਰਲ ਵੈਲੀ, ਕੈਲੀਫੋਰਨੀਆ ਦੇ ਸਭ ਤੋਂ ਪੁਰਾਤਨ ਅਤੇ ਹੈਰੀਟੇਜ਼ ਦਰਜਾ ਪ੍ਰਾਪਤ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਵਿਖੇ ਹੋਈ। ਜਿੱਥੇ ਸੈਂਟਰਲ ਵੈਲੀ ਦੇ ਸਮੂਹ ਗੁਰੂ ਘਰਾਂ ਦੇ ਮੈਂਬਰਾਂ ਤੋਂ ਇਲਾਵਾ ਬੇ-ਏਰੀਏ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਮੀਟਿੰਗ ਦੀ ਸ਼ੁਰੂਆਤ ਮੂਲ-ਮੰਤਰ ਪਾਠ ਦੇ ਜਾਪ ਨਾਲ ਕੀਤੀ ਗਈ। ਜਿਸ ਉਪਰੰਤ ਸਿੱਖ ਕੌਂਸਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਚੀਮਾ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ, ਮੀਟਿੰਗ ਦੇ ਏਜੰਡੇ ਤੋਂ ਜਾਣੂ ਕਰਵਾਇਆ। ਇਸੇ ਤਰ੍ਹਾਂ ਸਥਾਨਕ ਗੁਰੂਘਰਾਂ ਅਤੇ ਅਗਲੇ ਆਉਣ ਵਾਲੇ ਧਾਰਮਿਕ ਪ੍ਰੋਗਰਾਮਾਂ ਅਤੇ ਸਿੱਖ ਭਾਈਚਾਰੇ ਵੱਲੋਂ ਆਪਣੀ ਪਹਿਚਾਣ ਲਈ ਕੀਤੇ ਜਾਣ ਵਾਲੇ ਹੋਰ ਨਵੇਂ ਪ੍ਰੋਗਰਾਮਾਂ ਬਾਰੇ ਵਿਚਾਰਾਂ ਹੋਈਆਂ।
ਇਸ ਮੀਟਿੰਗ ਦੇ ਅਗਲੇ ਵਿਸ਼ੇਸ਼ ਪੜਾਅ ਵਿਚ ਹੋਈ ਗੱਲਬਾਤ ਦਾ ਵਿਸ਼ਾ ਰਿਹਾ ਕਿ ਸਿੱਖ ਕੌਂਸਲ ਵੱਲੋਂ ਕੈਲੀਫੋਰਨੀਆ ਵਿਚ ਸਿੱਖ ਮੋਟਰ ਸਾਈਕਲ ਰਾਈਡਰ ਲਈ ਦਸਤਾਰ ਸਜਾ ਕੇ ਮੋਟਰ-ਸਾਈਕਲ ਚਲਾਉਣ ਲਈ ਬਣਨ ਵਾਲੇ ਕਾਨੂੰਨ ਵਿਚ ਕਿਉਂ ਅਤੇ ਕੀ ਰੁਕਾਵਟਾਂ ਆਈਆਂ ਅਤੇ ਉਨ੍ਹਾਂ ਨੂੰ ਸੁਲਝਾਉਣ ਲਈ ਕੀ ਉਪਰਾਲੇ ਹੋਣੇ ਚਾਹੀਦੇ ਹਨ, ਜਿਸ ਵਿਚ ਸਭ ਹਾਜ਼ਰੀਨ ਨੇ ਆਪਣੀ-ਆਪਣੀ ਸਮਝ ਅਨੁਸਾਰ ਸਹਿਯੋਗ ਪਾਉਂਦੇ ਹੋਏ ਵਿਚਾਰਾਂ ਦੀ ਸਾਂਝ ਪਾਈ। ਅਜਿਹੇ ਸਿੱਖ ਭਾਈਚਾਰੇ ਦੇ ਮਸਲਿਆਂ ਬਾਰੇ ਸਮੂਹ ਸਿੱਖ ਜੱਥੇਬੰਦੀਆਂ ਅਤੇ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸਾਂਝੇ ਤੌਰ ‘ਤੇ ਸਿੱਖ ਕੌਂਸਲ ਨੂੰ ਅੱਗੇ ਹੋ ਭਾਈਚਾਰਕ ਮਸਲੇ ਸੁਲਝਾਉਣ, ਸਿੱਖੀ ਦੀ ਪਹਿਚਾਣ ਲਈ ਸਰਕਾਰੀ ਬਣਾਏ ਜਾ ਰਹੇ ਕਾਨੂੰਨਾਂ ਪ੍ਰਤੀ ਅੱਗੇ ਹੋ ਸਹੀ ਦਿਸ਼ਾ-ਨਿਰਦੇਸ਼ ਦੇਣ ਦੀ ਅਪੀਲ ਕੀਤੀ।
ਅੰਤ ਇਹ ਤਹਿ ਕੀਤਾ ਗਿਆ ਕਿ ਸਿੱਖ ਕੌਂਸਲ ਅੱਗੇ ਹੋ ਕੇ ਕੈਲੀਫੋਰਨੀਆ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਿੱਖਾਂ ਦੀ ਪਹਿਚਾਣ ਅਤੇ ਹਿੱਤਾ ਦੀ ਰਾਖੇ ਲਈ ਨਵੇਂ ਕਾਨੂੰਨ ਬਣਾਉਣ ਵਿਚ ਹਰ ਸੰਭਵ ਯਤਨ ਕਰੇਗੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਅਤੇ ਪੰਜਾਬੀ ਦੇ ਵਿਸ਼ੇ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਲਾਗੂ ਕਰਾਉਣ ਵਰਗੇ ਬਹੁਤ ਸ਼ਲਾਘਾਯੋਗ ਕੰਮ ਕਰਵਾ ਚੁੱਕੀ ਹੈ। ਸਿੱਖ ਕੌਂਸਲ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਮੂਹ ਭਾਈਚਾਰੇ ਨੂੰ ਆਪਸੀ ਜੋੜ ਕੇ ਰੱਖਿਆ ਜਾਵੇ। ਇਸੇ ਅਧੀਨ ਸਭ ਹਾਜ਼ਰੀਨ ਦੀ ਸਹਿਮਤੀ ਨਾਲ ਇਹ ਤਹਿ ਕੀਤਾ ਗਿਆ ਕਿ ਸਿੱਖ ਕੌਂਸਲ ਮੋਟਰ-ਸਾਈਕਲ ਰਾਈਡਰਾਂ ਨੂੰ ਆਪਣੀ ਦਸਤਾਰ ਸਜਾ ਕੇ ਚਲਾਉਣ ਵਾਲੇ ਕਾਨੂੰਨ ਨੂੰ ਲੈ ਕੇ ਆਉਣ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਮੀਟਿੰਗ ਦੇ ਅੰਤ ਵਿਚ ਸਭ ਦੇ ਸਹਿਯੋਗ ਅਤੇ ਚੰਗੇ ਸਾਰਥਕ ਨਤੀਜਿਆਂ ਦੀ ਆਸ ਕਰਦੇ ਹੋਏ ਸੁਖਦੇਵ ਸਿੰਘ ਚੀਮਾ ਨੇ ਸਮੂਹ ਹਾਜ਼ਰੀਨ ਦੀ ਧੰਨਵਾਦ ਕੀਤਾ।