#AMERICA

ICE ਹਿਰਾਸਤ ਕਾਰਨ ਹਜ਼ਾਰਾਂ ਬੱਚੇ ਆਪਣੇ ਮਾਪਿਆਂ ਤੋਂ ਹੋ ਰਹੇ ਵੱਖ

ਵਾਸ਼ਿੰਗਟਨ ਡੀ.ਸੀ., 3 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਹਜ਼ਾਰਾਂ ਬੱਚੇ ਆਪਣੇ ਮਾਪਿਆਂ ਤੋਂ ਵੱਖ ਹੋ ਰਹੇ ਹਨ। ਇੱਕ ਨਵੀਂ ਰਿਪੋਰਟ ਅਨੁਸਾਰ ਜਨਵਰੀ 2025 ਤੋਂ ਬਾਅਦ ਲਗਭਗ 2.05 ਲੱਖ ਬੱਚਿਆਂ ਨੇ ਆਪਣੇ ਇੱਕ ਜਾਂ ਦੋਵੇਂ ਮਾਪਿਆਂ ਦੀ ICE ਹਿਰਾਸਤ ਦਾ ਅਸਰ ਝੱਲਿਆ ਹੈ। ਇਨ੍ਹਾਂ ਵਿਚ ਕਰੀਬ 1.45 ਲੱਖ ਅਮਰੀਕੀ ਨਾਗਰਿਕ ਬੱਚੇ ਵੀ ਸ਼ਾਮਲ ਹਨ।
ਰਿਪੋਰਟ ਮੁਤਾਬਕ 22,000 ਤੋਂ ਵੱਧ ਅਮਰੀਕੀ ਨਾਗਰਿਕ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਘਰ ਵਿਚ ਰਹਿੰਦੇ ਸਾਰੇ ਮਾਪੇ ICE ਵੱਲੋਂ ਹਿਰਾਸਤ ਵਿਚ ਲਏ ਗਏ, ਜਿਸ ਕਾਰਨ ਉਹ ਅਚਾਨਕ ਮਾਪਿਆਂ ਦੀ ਦੇਖਭਾਲ ਤੋਂ ਵਾਂਝੇ ਹੋ ਗਏ। ਖੋਜਕਾਰਾਂ ਦਾ ਕਹਿਣਾ ਹੈ ਕਿ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਕਈ ਮਾਮਲੇ ਸਰਕਾਰੀ ਅੰਕੜਿਆਂ ਵਿਚ ਦਰਜ ਨਹੀਂ ਹੁੰਦੇ।
ਹਾਲ ਹੀ ਵਿਚ ਸਾਹਮਣੇ ਆਏ ਸਰਕਾਰੀ ਰਿਕਾਰਡਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ 2025 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਘੱਟੋ-ਘੱਟ 27,000 ਬੱਚਿਆਂ ਦੇ ਮਾਪਿਆਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ‘ਚ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਹਰ ਮਹੀਨੇ ਲਗਭਗ 1,400 ਮਾਪਿਆਂ ਨੂੰ ਡਿਪੋਰਟ ਕੀਤਾ ਗਿਆ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਵੱਧ ਦਰ ਹੈ।
ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਮਾਪਿਆਂ ਦੀ ਗ੍ਰਿਫ਼ਤਾਰੀ ਜਾਂ ਡਿਪੋਰਟੇਸ਼ਨ ਕਾਰਨ ਬੱਚਿਆਂ ਨੂੰ ਮਾਨਸਿਕ ਤਣਾਅ, ਆਰਥਿਕ ਮੁਸ਼ਕਲਾਂ ਅਤੇ ਸਿੱਖਿਆ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮਾਮਲਿਆਂ ਵਿਚ ਬੱਚੇ ਰਿਸ਼ਤੇਦਾਰਾਂ ਜਾਂ ਫੋਸਟਰ ਕੇਅਰ ਪ੍ਰਣਾਲੀ ਦੇ ਸਹਾਰੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ।
ਦੂਜੇ ਪਾਸੇ ICE ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਪਰਿਵਾਰਾਂ ਕੋਲ ਕਈ ਵਾਰ ਇਕੱਠੇ ਰਹਿਣ ਜਾਂ ਆਪਣੇ ਬੱਚਿਆਂ ਲਈ ਪ੍ਰਬੰਧ ਕਰਨ ਦੇ ਵਿਕਲਪ ਹੁੰਦੇ ਹਨ। ਫਿਰ ਵੀ ਇਮੀਗ੍ਰੇਸ਼ਨ ਮਾਹਿਰਾਂ ਅਤੇ ਮਨੁੱਖੀ ਅਧਿਕਾਰ ਗਰੁੱਪਾਂ ਦਾ ਦਾਅਵਾ ਹੈ ਕਿ ਵਧ ਰਹੀਆਂ ਗ੍ਰਿਫ਼ਤਾਰੀਆਂ ਅਤੇ ਡਿਪੋਰਟੇਸ਼ਨਾਂ ਦਾ ਸਭ ਤੋਂ ਵੱਡਾ ਅਸਰ ਬੱਚਿਆਂ ‘ਤੇ ਪੈ ਰਿਹਾ ਹੈ।