ਵਾਸ਼ਿੰਗਟਨ ਡੀ.ਸੀ., 13 ਮਈ (ਪੰਜਾਬ ਮੇਲ)- ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਜ਼ ਨੇ ਦੱਸਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਬਣਾਏ ਗਏ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (ਓ.ਪੀ.ਟੀ.) ਪ੍ਰੋਗਰਾਮ ਨਾਲ ਜੁੜੇ 10,000 ਤੋਂ ਵੱਧ ਸੰਭਾਵਿਤ ਧੋਖਾਧੜੀ ਦੇ ਮਾਮਲੇ ਚਿੰਨ੍ਹਿਤ ਕੀਤੇ ਗਏ ਹਨ।
ਵਾਸ਼ਿੰਗਟਨ ਵਿਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ICE ਅਤੇ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਧਿਕਾਰੀਆਂ ਨੇ ਓ.ਪੀ.ਟੀ. ਪ੍ਰੋਗਰਾਮ ਦੀ ਜਾਂਚ ਦੇ ਨਤੀਜੇ ਸਾਂਝੇ ਕੀਤੇ। ਓ.ਪੀ.ਟੀ. ਪ੍ਰੋਗਰਾਮ ਅਧੀਨ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ 12 ਮਹੀਨੇ ਜਾਂ ਕੁਝ ਖੇਤਰਾਂ ਵਿਚ 24 ਮਹੀਨੇ ਤੱਕ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਨੌਕਰੀ ਰਾਹੀਂ ਐੱਚ-1ਬੀ ਵੀਜ਼ਾ ਵੱਲ ਜਾਣ ਦਾ ਮੌਕਾ ਵੀ ਦਿੰਦਾ ਹੈ।
ਟੌਡ ਲਾਇਅਨਜ਼ ਨੇ ਕਿਹਾ, ”ਸਾਡਾ ਦੇਸ਼ ਵਿਦੇਸ਼ੀ ਵਿਦਿਆਰਥੀ ਪ੍ਰੋਗਰਾਮ ਤੋਂ ਪੈਦਾ ਹੋਣ ਵਾਲੇ ਸੁਰੱਖਿਆ ਖ਼ਤਰਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ।”
ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਕਈ ਕੰਪਨੀਆਂ ਅਤੇ ਕਾਰਜ ਸਥਾਨਾਂ ‘ਤੇ ਦੌਰੇ ਕੀਤੇ ਗਏ। ਇਸ ਵਿਚ ਅਜਿਹੇ ਮਾਮਲੇ ਸਾਹਮਣੇ ਆਏ, ਜਿੱਥੇ ਓ.ਪੀ.ਟੀ. ਲਾਭਪਾਤਰੀਆਂ ਨੂੰ ਭਾਰਤ ਵਿਚ ਬੈਠੇ ਕਰਮਚਾਰੀਆਂ ਵੱਲੋਂ ”ਮੈਨੇਜ” ਕੀਤਾ ਜਾ ਰਿਹਾ ਸੀ, ਜੋ ਪ੍ਰੋਗਰਾਮ ਦੇ ਉਸ ਨਿਯਮ ਦੀ ਉਲੰਘਣਾ ਮੰਨੀ ਗਈ, ਜਿਸ ਅਨੁਸਾਰ ਟ੍ਰੇਨਿੰਗ ਅਤੇ ਨਿਗਰਾਨੀ ਅਮਰੀਕਾ ਅੰਦਰ ਹੋਣੀ ਚਾਹੀਦੀ ਹੈ।
ICE ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ”ਸ਼ੈੱਲ ਕੰਪਨੀਆਂ” ਵਿੱਤੀ ਧੋਖਾਧੜੀ ‘ਚ ਸ਼ਾਮਲ ਸਨ ਅਤੇ ਨਕਲੀ ਰੋਜ਼ਗਾਰ ਦੇ ਜ਼ਰੀਏ ਵਿਦੇਸ਼ੀ ਗ੍ਰੈਜੂਏਟਾਂ ਨੂੰ ਬਿਨਾਂ ਅਸਲੀ ਅਮਰੀਕੀ ਸਪਾਂਸਰਸ਼ਿਪ ਦੇ ਦੇਸ਼ ਵਿਚ ਰਹਿਣ ਵਿਚ ਮਦਦ ਕਰ ਰਹੀਆਂ ਸਨ।
ਇਹ ਖੁਲਾਸੇ ਅਮਰੀਕਾ ਵਿਚ ਇਮੀਗ੍ਰੇਸ਼ਨ ਨੀਤੀਆਂ ‘ਤੇ ਚੱਲ ਰਹੀ ਚਰਚਾ ਨੂੰ ਹੋਰ ਤੇਜ਼ ਕਰ ਸਕਦੇ ਹਨ। ਕਈ ਰੂੜੀਵਾਦੀ ਨੇਤਾ ਪਹਿਲਾਂ ਤੋਂ ਹੀ ਓ.ਪੀ.ਟੀ. ਅਤੇ ਹੋਰ ਵਿਦਿਆਰਥੀ ਜਾਂ ਹਾਈ-ਸਕਿੱਲਡ ਵਰਕਰ ਪ੍ਰੋਗਰਾਮਾਂ ਦੀ ਆਲੋਚਨਾ ਕਰਦੇ ਆ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕੁਝ ਕੰਪਨੀਆਂ ਘੱਟ ਤਨਖਾਹ ‘ਤੇ ਵਿਦੇਸ਼ੀ ਕਰਮਚਾਰੀ ਰੱਖ ਕੇ ਅਮਰੀਕੀ ਗ੍ਰੈਜੂਏਟਾਂ ਨੂੰ ਨੌਕਰੀਆਂ ਤੋਂ ਵੰਚਿਤ ਕਰਦੀਆਂ ਹਨ।
ਡੋਨਾਲਡ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਵਿਦੇਸ਼ੀ ਵਿਦਿਆਰਥੀ ਵੀਜ਼ਿਆਂ ਅਤੇ ਓ.ਪੀ.ਟੀ. ਪ੍ਰੋਗਰਾਮ ‘ਤੇ ਸਖ਼ਤੀ ਵਧਾ ਚੁੱਕਾ ਹੈ। 2025 ‘ਚ ਕਈ ਵਿਦਿਆਰਥੀਆਂ ਨੇ ਅਦਾਲਤਾਂ ਦਾ ਰੁਖ ਕੀਤਾ ਸੀ, ਇਹ ਦੋਸ਼ ਲਗਾਉਂਦੇ ਹੋਏ ਕਿ ਉਨ੍ਹਾਂ ਦੀ ਵਿਦਿਆਰਥੀ ਸਥਿਤੀ ਗਲਤ ਤਰੀਕੇ ਨਾਲ ਖਤਮ ਕੀਤੀ ਗਈ।
ਇਸ ਤੋਂ ਇਲਾਵਾ, USCIS ਮੁਖੀ ਜੋਸਫ਼ ਐਡਲੋ ਨੇ 2025 ‘ਚ ਕਾਨੂੰਨਸਾਜ਼ਾਂ ਨੂੰ ਕਿਹਾ ਸੀ ਕਿ ਉਹ ਓ.ਪੀ.ਟੀ. ਪ੍ਰੋਗਰਾਮ ਨੂੰ ਖਤਮ ਕਰਨ ਵੱਲ ਕਦਮ ਚੁੱਕਣਗੇ, ਕਿਉਂਕਿ ਇਹ ਪ੍ਰੋਗਰਾਮ ਸੰਘੀ ਕਾਨੂੰਨ ‘ਚ ਸਿੱਧੇ ਤੌਰ ‘ਤੇ ਦਰਜ ਨਹੀਂ ਹੈ।
ICE ਦਾ ਦਾਅਵਾ: 10 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ

