#PUNJAB

Gurdwara Clash: ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਨਿਹੰਗ ਸਿੰਘਾਂ ਨੇ ਪ੍ਰਬੰਧਕ ਨੂੰ ਬਣਾਇਆ ਬੰਧਕ: ਛੱਤ ‘ਤੇ ਲਾਇਆ ਡੇਰਾ

ਚੰਡੀਗੜ੍ਹ, 21 ਜੂਨ (ਪੰਜਾਬ ਮੇਲ)- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਕੁਝ ਨਿਹੰਗ ਸਿੰਘ ਸ਼ਰਧਾਲੂਆਂ ਵੱਲੋਂ ਹੰਗਾਮਾ ਕਰਨ ਅਤੇ ਪ੍ਰਬੰਧਕ ਨੂੰ ਬੰਧਕ ਬਣਾ ਕੇ ਗੁਰਦੁਆਰੇ ਦੀ ਛੱਤ ‘ਤੇ ਚੜ੍ਹਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲੀਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਨੂੰ ਵਾਪਰੀ, ਜਿੱਥੇ ਨਿਹੰਗ ਸਿੰਘ 16 ਜੂਨ ਨੂੰ ਕਰਨਪ੍ਰਯਾਗ ਬਾਜ਼ਾਰ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀਆਂ ਨੂੰ ਛੱਡਣ ਦੀ ਮੰਗ ਕਰ ਰਹੇ ਸਨ। ਨਿਹੰਗ ਸਿੰਘਾਂ ਕੋਲ ਰਵਾਇਤੀ ਸ਼ਸਤਰ ਜਿਵੇਂ ਭਾਲੇ, ਤਲਵਾਰਾਂ, ਕੁਹਾੜੀਆਂ ਅਤੇ ਕਿਰਪਾਨਾਂ ਹਨ। ਮੌਕੇ ‘ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਤੇ ਪੁਲੀਸ ਕਪਤਾਨ (SP) ਸਥਿਤੀ ਨੂੰ ਕਾਬੂ ਹੇਠ ਕਰਨ ਅਤੇ ਨਿਹੰਗ ਸਿੰਘਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਾਣਕਾਰੀ ਅਨੁਸਾਰ, 16 ਜੂਨ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਕੁਝ ਨਿਹੰਗ ਸਿੰਘਾਂ ਦਾ ਕਰਨਪ੍ਰਯਾਗ ਬਾਜ਼ਾਰ ਵਿੱਚ ਕ੍ਰਿਸ਼ਨਾ ਪੈਲੇਸ ਹੋਟਲ ਦੇ ਕੋਲ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਹੋਈ ਝੜਪ ਵਿੱਚ ਚਾਰ ਸਥਾਨਕ ਲੋਕ ਅਤੇ ਇੱਕ ਸਿੱਖ ਸ਼ਰਧਾਲੂ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਚਾਰ ਸਿੱਖ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਦੀ ਇਸ ਕਾਰਵਾਈ ਨੂੰ ਇੱਕਤਰਫ਼ਾ ਦੱਸਦਿਆਂ, ਪੰਜਾਬ ਤੋਂ ਆਏ ਕੁਝ ਹੋਰ ਨਿਹੰਗ ਸਿੰਘਾਂ ਨੇ ਐਤਵਾਰ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਲਈ ਉਨ੍ਹਾਂ ਨੇ ਨਗਰਾਸੂ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਸਹਿਯੋਗ ਮੰਗਿਆ ਸੀ। ਜਦੋਂ ਉਮੀਦ ਮੁਤਾਬਕ ਸਹਿਯੋਗ ਨਹੀਂ ਮਿਲਿਆ, ਤਾਂ ਨਿਹੰਗਾਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਹੰਗਾਮਾ ਤੇ ਤੋੜਫੋੜ ਸ਼ੁਰੂ ਕਰ ਦਿੱਤੀ ਅਤੇ ਪ੍ਰਬੰਧਕ ਨੂੰ ਬੰਧਕ ਬਣਾ ਕੇ ਛੱਤ ‘ਤੇ ਚੜ੍ਹ ਕੇ ਨਾਅਰੇਬਾਜ਼ੀ ਕਰਨ ਲੱਗੇ।