#SPORTS

FIFA World Cup; ਜੌਹਨ ਮੈਕਗਿਨ ਦੀ ਬਦੌਲਤ ਸਕਾਟਲੈਂਡ ਦੀ ਜਿੱਤ

ਫੌਕਸਬਰੋ (ਮੈਸਾਚੂਸੈੱਟਸ), 15 ਜੂਨ (ਪੰਜਾਬ ਮੇਲ)- ਜੌਹਨ ਮੈਕਗਿਨ ਦੇ 28ਵੇਂ ਮਿੰਟ ਵਿੱਚ ਕੀਤੇ ਗੋਲ ਦੀ ਬਦੌਲਤ ਸਕਾਟਲੈਂਡ ਨੇ ਗਰੁੱਪ ‘ਸੀ’ ਦੇ ਮੈਚ ਵਿੱਚ ਹੈਤੀ ਨੂੰ 1-0 ਨਾਲ ਹਰਾ ਕੇ ਫੁਟਬਾਲ ਆਲਮੀ ਕੱਪ ਵਿੱਚ 28 ਸਾਲ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਹੈ। ਹੈਤੀ ਦੇ ਇੱਕ ਡਿਫੈਂਡਰ ਨਾਲ ਟਕਰਾ ਕੇ ਫੁਟਬਾਲ ਮੈਕਗਿਨ ਕੋਲ ਪਹੁੰਚੀ ਅਤੇ ਉਸ ਨੇ ਗੋਲਕੀਪਰ ਜੌਹਨੀ ਪਲੈਸਿਡ ਨੂੰ ਚਕਮਾ ਦਿੰਦਿਆਂ ਗੋਲ ਦਾਗ਼ ਦਿੱਤਾ, ਜੋ ਆਖ਼ਰ ਵਿੱਚ ਫੈਸਲਾਕੁਨ ਸਾਬਤ ਹੋਇਆ। ਸਕਾਟਲੈਂਡ 1998 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਉਸ ਨੇ 1990 ਤੋਂ ਬਾਅਦ ਆਲਮੀ ਕੱਪ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ; ਉਦੋਂ ਉਸ ਨੇ ਸਵੀਡਨ ਨੂੰ 2-1 ਨਾਲ ਹਰਾਇਆ ਸੀ। ਗਰੁੱਪ ਵਿੱਚ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਬ੍ਰਾਜ਼ੀਲ ਅਤੇ ਮੋਰੱਕੋ ਦਰਮਿਆਨ ਮੈਚ 1-1 ਨਾਲ ਡਰਾਅ ਰਿਹਾ, ਜਿਸ ਕਰ ਕੇ ਸਕਾਟਲੈਂਡ ਤਿੰਨ ਅੰਕਾਂ ਨਾਲ ਗਰੁੱਪ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਹੈਤੀ 1974 ਮਗਰੋਂ ਪਹਿਲੀ ਵਾਰ ਆਲਮੀ ਕੱਪ ਵਿੱਚ ਹਿੱਸਾ ਲੈ ਰਿਹਾ ਹੈ। ਉਸ ਨੂੰ ਅਜੇ ਵੀ ਆਲਮੀ ਕੱਪ ਵਿੱਚ ਆਪਣੇ ਪਹਿਲੇ ਅੰਕ ਦੀ ਉਡੀਕ ਹੈ। ਸਕਾਟਲੈਂਡ ਸ਼ੁੱਕਰਵਾਰ ਨੂੰ ਮੋਰੱਕੋ ਅਤੇ ਹੈਤੀ ਫਿਲਾਡੈਲਫੀਆ ਵਿੱਚ ਬ੍ਰਾਜ਼ੀਲ ਨਾਲ ਖੇਡੇਗਾ। -ਏਪੀ

 

ਆਸਟਰੇਲੀਆ ਨੇ ਤੁਰਕੀ ਨੂੰ 2-0 ਨਾਲ ਹਰਾਇਆ

ਵੈਨਕੂਵਰ – ਨੈਸਟੋਰੀ ਇਰਨਕੁੰਡਾ ਅਤੇ ਕਾਨਰ ਮੈਟਕਾਫ ਦੇ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਇੱਥੇ 2-0 ਨਾਲ ਜਿੱਤ ਦਰਜ ਕਰ ਕੇ ਤੁਰਕੀ ਦੀ 24 ਸਾਲ ਬਾਅਦ ਆਲਮੀ ਕੱਪ ਫੁਟਬਾਲ ਵਿੱਚ ਵਾਪਸੀ ਦੇ ਜਸ਼ਨਾਂ ਦੇ ਰੰਗ ਵਿੱਚ ਭੰਗ ਪਾ ਦਿੱਤੀ। ਇਸ ਮੈਚ ਨੂੰ ਦੇਖਣ ਲਈ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਵੀ ਸਟੇਡੀਅਮ ਵਿੱਚ ਪਹੁੰਚੇ ਹੋਏ ਸਨ। ਆਸਟਰੇਲੀਆ ਦੀ ਜਿੱਤ ਦਾ ਸਿਹਰਾ ਉਸ ਦੇ ਗੋਲਕੀਪਰ ਪੈਟਰਿਕ ਬੀਚ ਨੂੰ ਵੀ ਜਾਂਦਾ ਹੈ, ਜਿਸ ਨੇ ਗਰੁੱਪ ‘ਡੀ’ ਦੇ ਇਸ ਮੈਚ ਵਿੱਚ ਅੱਠ ਸ਼ਾਨਦਾਰ ਬਚਾਅ ਕੀਤੇ। ਆਸਟਰੇਲੀਆ ਲਗਾਤਾਰ ਛੇਵੀਂ ਵਾਰ ਅਤੇ ਕੁੱਲ ਮਿਲਾ ਕੇ ਸੱਤਵੀਂ ਵਾਰ ਆਲਮੀ ਕੱਪ ਖੇਡ ਰਿਹਾ ਹੈ। ਤੁਰਕੀ 2002 ਵਿੱਚ ਆਲਮੀ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ, ਪਰ ਉਸ ਤੋਂ ਬਾਅਦ ਲਗਾਤਾਰ ਪੰਜ ਟੂਰਨਾਮੈਂਟਾਂ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਉਸ ਨੇ ਇਸ ਸਾਲ ਪਲੇਅ-ਆਫ ਵਿੱਚ ਕੋਸੋਵੋ ਨੂੰ ਹਰਾ ਕੇ ਕੁਆਲੀਫਾਈ ਕੀਤਾ ਹੈ। ਤੁਰਕੀ ਤੀਜੀ ਵਾਰ ਆਲਮੀ ਕੱਪ ਵਿੱਚ ਹਿੱਸਾ ਲੈ ਰਿਹਾ ਹੈ। ਆਸਟਰੇਲੀਆ ਨੂੰ ਪਿਛਲੇ ਆਲਮੀ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਫਰਾਂਸ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਤੋਂ ਬਾਅਦ ਉਸ ਨੇ ਆਪਣੇ ਗਰੁੱਪ ਵਿੱਚ ਟਿਊਨੀਸ਼ੀਆ ਅਤੇ ਡੈਨਮਾਰਕ ਨੂੰ ਹਰਾਇਆ ਸੀ। ਉਹ ਪ੍ਰੀ-ਕੁਆਰਟਰ ਵਿੱਚ ਆਖ਼ਰਕਾਰ ਚੈਂਪੀਅਨ ਬਣੇ ਅਰਜਨਟੀਨਾ ਤੋਂ ਹਾਰ ਗਿਆ ਸੀ।