-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਿਲਾਂ
ਨਵੀਂ ਦਿੱਲੀ, 22 ਨਵੰਬਰ (ਪੰਜਾਬ ਮੇਲ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੈਸ਼ਨਲ ਹੈਰਾਲਡ ਮਾਮਲੇ ਵਿਚ ਕਾਂਗਰਸ ਨਾਲ ਜੁੜੇ ਏ.ਜੇ.ਐੱਲ. ਤੇ ਯੰਗ ਇੰਡੀਆ ਦੀ ਕਰੋੜਾਂ ਰੁਪਏ ਦੀ ਜਾਇਦਾਦ ਅਸਥਾਈ ਤੌਰ ‘ਤੇ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਈ.ਡੀ. ਨੇ ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਹੈ। ਇਸ ਤਹਿਤ 751.9 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਸੰਪਤੀ ‘ਚੋਂ ਏ.ਜੇ.ਐੱਲ. ਦੀ ਦਿੱਲੀ, ਮੁੰਬਈ ਅਤੇ ਲਖਨਊ ਸਮੇਤ ਕਈ ਥਾਵਾਂ ‘ਤੇ ਜਾਇਦਾਦਾਂ ਹਨ। ਇਸ ਦੀ ਕੁੱਲ ਲਾਗਤ 661.69 ਕਰੋੜ ਰੁਪਏ ਹੈ। ਈ.ਡੀ. ਨੇ ਕਿਹਾ ਕਿ ਯੰਗ ਇੰਡੀਅਨ ਦੀ ਜਾਇਦਾਦ ਦੀ ਕੀਮਤ 90.21 ਕਰੋੜ ਰੁਪਏ ਹੈ।
ਈ.ਡੀ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਖ਼ਬਾਰ ਪ੍ਰਕਾਸ਼ਕ ਐਸੋਸੀਏਟਿਡ ਜਰਨਲ ਲਿਮਟਿਡ (ਏ.ਜੇ.ਐੱਲ.) ਤੇ ਇਸ ਦੀ ਹੋਲਡਿੰਗ ਕੰਪਨੀ ਯੰਗ ਇੰਡੀਅਨ ਦੇ ਖ਼ਿਲਾਫ਼ ਪੀ.ਐੱਮ.ਐੱਲ.ਏ. ਤਹਿਤ ਇਕ ਆਦੇਸ਼ ਜਾਰੀ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ, ”ਜਾਂਚ ‘ਚ ਸਾਹਮਣੇ ਆਇਆ ਹੈ ਕਿ ਏ.ਜੇ.ਐੱਲ. ਕੋਲ ਅਚੱਲ ਜਾਇਦਾਦਾਂ ਦੇ ਰੂਪ ਵਿਚ ਅਪਰਾਧ ਦੀ ਕਮਾਈ ਹੈ, ਜੋ ਕਿ ਦੇਸ਼ ਦੇ ਕਈ ਸ਼ਹਿਰਾਂ ਜਿਵੇਂ ਕਿ ਦਿੱਲੀ, ਮੁੰਬਈ ਅਤੇ ਲਖਨਊ ਵਿਚ ਸਥਿਤ ਹਨ। ਇਨ੍ਹਾਂ ਦੀ ਕੀਮਤ 661.69 ਕਰੋੜ ਰੁਪਏ ਹੈ। ਉਥੇ ਹੀ ਯੰਗ ਇੰਡੀਆ ਦੇ ਕੋਲ ਅਪਰਾਧ ਤੋਂ ਪ੍ਰਾਪਤ ਕਮਾਈ 90.21 ਕਰੋੜ ਰੁਪਏ ਏ.ਜੇ.ਐੱਲ. ਦੇ ‘ਇਕਵਿਟੀ ਸ਼ੇਅਰਾਂ’ ਦੇ ਰੂਪ ਵਿਚ ਹੈ।”
ਈ.ਡੀ. ਨੇ ਇਸ ਮਾਮਲੇ ‘ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਈ.ਡੀ. ਦੀ ਇਸ ਕਾਰਵਾਈ ‘ਤੇ ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ”ਈ.ਡੀ. ਦੁਆਰਾ ਏ.ਜੇ.ਐੱਲ. ਦੀਆਂ ਜਾਇਦਾਦਾਂ ਕੁਰਕ ਕਰਨ ਦੀ ਖ਼ਬਰ ਰਾਜਾਂ ਵਿਚ ਚੱਲ ਰਹੀਆਂ ਚੋਣਾਂ ‘ਚ ਨਿਸ਼ਚਿਤ ਹਾਰ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੀ ਹੈ।” ਉਨ੍ਹਾਂ ਕਿਹਾ, ”ਪੀ.ਐੱਮ.ਐੱਲ.ਏ. ਦੀ ਕਾਰਵਾਈ ਸਿਰਫ ਇਕ ਅਚਨਚੇਤ ਜਾਂ ਮੁੱਖ ਅਪਰਾਧ ਦੇ ਨਤੀਜੇ ਵਜੋਂ ਕੀਤੀ ਜਾ ਸਕਦੀ ਹੈ। ਕੋਈ ਅਚੱਲ ਜਾਇਦਾਦ ਦਾ ਕੋਈ ਤਬਾਦਲਾ ਨਹੀਂ ਹੁੰਦਾ। ਅਸਲ ‘ਚ ਅਜਿਹਾ ਕੋਈ ਸ਼ਿਕਾਇਤਕਰਤਾ ਨਹੀਂ ਹੈ, ਜੋ ਇਹ ਦਾਅਵਾ ਕਰਦਾ ਹੋਵੇ ਕਿ ਉਸ ਨੂੰ ਧੋਖਾ ਦਿੱਤਾ ਗਿਆ ਹੈ।”