#INDIA

E.D. ਵੱਲੋਂ ਲਾਰੈਂਸ ਗੈਂਗ ਖਿਲਾਫ਼ ਹਰਿਆਣਾ ਅਤੇ ਰਾਜਸਥਾਨ ‘ਚ 13 ਟਿਕਾਣਿਆਂ ‘ਤੇ ਛਾਪੇ

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ‘ਚ ਹਰਿਆਣਾ ਅਤੇ ਰਾਜਸਥਾਨ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਜਾਂਚ ‘ਚ ਦੋਹਾਂ ਸੂਬਿਆਂ ਵਿਚ ਕਰੀਬ 13 ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ।
ਅਜੇ ਜੇਲ੍ਹ ‘ਚ ਬੰਦ ਬਿਸ਼ਨੋਈ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਦੋਸ਼ੀਆਂ ਵਿਚੋਂ ਇਕ ਹੈ। ਦੱਸ ਦੇਈਏ ਕਿ ਐੱਨ.ਆਈ.ਏ. ਨੇ ਗੈਂਗਸਟਰ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਦੋਸ਼ ਪੱਤਰ ਦਾਖ਼ਲ ਕੀਤੇ ਹਨ। ਈ.ਡੀ. ਨੇ ਇਨ੍ਹਾਂ ਐੱਫ.ਆਈ.ਆਰ. ਅਤੇ ਦੋਸ਼ ਪੱਤਰਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਦਰਅਸਲ ਈ.ਡੀ. ਨੇ ਮਨੀ ਲਾਂਡਰਿੰਗ ਵਿਚ ਸ਼ਾਮਲ ਗੈਂਗਸਟਰਾਂ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਈ.ਡੀ. ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਨਾਲ ਜੁੜੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕਰ ਰਹੀ ਹੈ।
ਈ.ਡੀ. ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਕਿ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਮੈਂਬਰ ਭਾਰਤ ‘ਚ ਵਸੂਲੀ, ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਕੈਨੇਡਾ ਅਤੇ ਹੋਰ ਦੇਸ਼ਾਂ ‘ਚ ਇਕੱਠੇ ਕੀਤੇ ਗਏ ਪੈਸੇ ਨੂੰ ਖਾਲਿਸਤਾਨ ਸਮਰਥਕਾਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਸਨ। ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਬਿਸ਼ਨੋਈ 2014 ਤੋਂ ਜੇਲ੍ਹ ‘ਚ ਬੰਦ ਹੈ। ਉਸ ਨੂੰ ਰਾਜਸਥਾਨ ਪੁਲਿਸ ਨਾਲ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਸ਼ਨੋਈ ਨੂੰ 2021 ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਲਿਆਂਦਾ ਗਿਆ ਸੀ। ਬਾਅਦ ‘ਚ 14 ਜੂਨ, 2022 ਨੂੰ ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਪੰਜਾਬ ਲਿਜਾਇਆ ਗਿਆ।
ਵੱਖ-ਵੱਖ ਪੁਲਿਸ ਏਜੰਸੀਆਂ ਮਾਮਲਿਆਂ ਦੇ ਸਬੰਧ ‘ਚ ਬਿਸ਼ਨੋਈ ਨੂੰ ਹਿਰਾਸਤ ‘ਚ ਲੈਂਦੀਆਂ ਰਹੀਆਂ ਹਨ। ਐੱਨ.ਆਈ.ਏ. ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਿਸ਼ਨੋਈ ਦੀ ਅਗਵਾਈ ‘ਚ ਇਕ ਅੱਤਵਾਦੀ, ਗੈਂਗਸਟਰ ਅਤੇ ਨਸ਼ਾ ਤਸਕਰੀ ਕਰਨ ਵਾਲਾ ਗੈਂਗ ਕਈ ਕਤਲ ਕਰਨ ਅਤੇ ਡਾਕਟਰਾਂ ਸਮੇਤ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਤੋਂ ਜਬਰਦਸਤੀ ਵਸੂਲੀ ਕਰਨ ‘ਚ ਸ਼ਾਮਲ ਹੈ ਅਤੇ ਇਸ ਨਾਲ ਲੋਕਾਂ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।