#PUNJAB

DSP ਦਲਬੀਰ ਸਿੰਘ ਕਤਲ ਮਾਮਲੇ ‘ਚ ਦੋਸ਼ੀ ਆਟੋ ਚਾਲਕ ਗ੍ਰਿਫ਼ਤਾਰ

ਜਲੰਧਰ, 4  ਜਨਵਰੀ (ਪੰਜਾਬ ਮੇਲ)- ਕਮਿਸ਼ਨਰੇਟ ਪੁਲਸ ਨੇ 31 ਦਸੰਬਰ ਦੀ ਰਾਤ ਨੂੰ ਬਾਵਾ ਖੇਲ ਨਹਿਰ ਦੇ ਪਾਰ ਡੀ. ਐੱਸ. ਪੀ. ਦਲਬੀਰ ਸਿੰਘ ਦਿਓਲ ਅਰਜੁਨ ਐਵਾਰਡੀ ਦੇ ਕਤਲ ਕੇਸ ਨੂੰ ਟਰੇਸ ਕਰਦੇ ਹੋਏ ਦੋਸ਼ੀ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਲਾਂਬੜਾ ਨੇੜੇ ਪੈਂਦੇ ਥਾਣਾ ਸਦਰ ਜਮਸ਼ੇਰ ਦੇ ਪਿੰਡ ਪ੍ਰਤਾਪਪੁਰਾ ਦੇ ਰਹਿਣ ਵਾਲੇ ਵਿਜੇ ਕੁਮਾਰ ਵਜੋਂ ਹੋਈ ਹੈ। ਸੀ. ਆਈ. ਏ. ਸਟਾਫ਼, ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਉਕਤ ਕਤਲ ਕੇਸ ਨੂੰ ਟਰੇਸ ਕੀਤਾ ਗਿਆ ਹੈ। ਡੀ.ਐੱਸ.ਪੀ. ਦੇ ਕਤਲ ਕੇਸ ਦੀਆਂ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆ ਗਈਆਂ ਹਨ, ਜਿਸ ਵਿਚ ਮੁਲਜ਼ਮ ਆਟੋ ਚਾਲਕ ਸਾਫ਼ ਵਿਖਾਈ ਦੇ ਰਿਹਾ ਹੈ ਪੁਲਸ ਨੇ ਦੋਸ਼ੀ ਵਿਜੇ ਕੁਮਾਰ ਦੇ ਕਬਜ਼ੇ ’ਚੋਂ ਡੀ. ਐੱਸ. ਪੀ. ਦਿਓਲ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ। ਇਸ ਪਿਸਤੌਲ ਨਾਲ ਹੀ ਉਸ ਨੇ ਡੀ. ਐੱਸ. ਪੀ. ਦੇ ਸਿਰ ’ਚ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਬਸਤੀ ਬਾਵਾ ਖੇਲ ਨਹਿਰ ਨੇੜੇ ਛੱਡ ਕੇ ਆਪਣੇ ਆਟੋ ’ਚ ਮੌਕੇ ਤੋਂ ਫਰਾਰ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਦਿਓਲ ਨੇ ਵਰਕਸ਼ਾਪ ਚੌਕ ’ਤੇ ਪੁੱਜ ਕੇ ਇਥੇ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਤੀ ਅਤੇ ਜਿਸ ਆਟੋ ’ਚ ਉਹ ਵਰਕਸ਼ਾਪ ਚੌਂਕ ਗਿਆ ਸੀ, ਉਸ ਦਾ ਚਾਲਕ ਵਿਜੇ ਕੁਮਾਰ ਵੀ ਉਸ ਨਾਲ ਢਾਬੇ ’ਤੇ ਬੈਠਾ ਸੀ। ਇਸ ਗੱਲ ਦਾ ਖ਼ੁਲਾਸਾ ਮਾਮੇ ਦੇ ਢਾਬੇ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੋਇਆ। ਨਵਾਂ ਸਾਲ ਦਾ ਜਸ਼ਨ ਮਨਾਉਂਦਿਆਂ ਸ਼ਰਾਬ ਪੀਂਦੇ ਸਮੇਂ ਡੀ. ਐੱਸ. ਪੀ. ਦਿਓਲ ਦਾ ਆਟੋ ਚਾਲਕ ਨਾਲ ਝਗੜਾ ਹੋ ਗਿਆ ਸੀ। ਡੀ. ਐੱਸ. ਪੀ. ਦਾ ਵਿਵਹਾਰ ਚੰਗਾ ਨਾ ਵੇਖ ਕੇ ਆਟੋ ਚਾਲਕ ਨੇ ਉਸ ਦੇ ਹੀ ਪਿਸਤੌਲ ਨਾਲ ਉਸ ਦਾ ਕਤਲ ਕਰ ਦਿੱਤਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡੀ. ਐੱਸ. ਪੀ. ਨੇ ਉਸ ਰਾਤ ਕਪੂਰਥਲਾ ਚੌਂਕ ਵਿਚ ਮਾਮੇ ਦੇ ਢਾਬੇ ਤੋਂ ਖਾਣਾ ਖਾਧਾ ਅਤੇ ਉਥੋਂ ਘਰ ਜਾਣ ਲਈ ਆਟੋ ‘ਤੇ ਬੈਠ ਗਏ। ਲੈਦਰ ਕੰਪਲੈਕਸ ਦੇ ਕੋਲ ਆਟੋ ਚਾਲਕ ਵਿਜੈ ਨੇ ਉਨ੍ਹਾਂ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਵਿਜੈ ਨੇ ਡੀ.ਐੱਸ.ਪੀ. ਦੀ ਪਿਸਤੌਲ ਖੋਹ ਕੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ। ਕਮਿਸ਼ਨਰੇਟ ਨੇ ਦੱਸਿਆ ਕਿ ਦੋਸ਼ੀ ਵਿਜੈ ਖ਼ਿਲਾਫ਼ ਪਹਿਲਾਂ ਵੀ ਇਕ ਕੁੱਟਮਾਰ ਦਾ ਕੇਸ ਦਰਜ ਹੈ।