– ਸਥਾਈ ਵੀਜ਼ਾ ਪ੍ਰੋਗਰਾਮ ਨੂੰ ਵੀ ਦੋ ਦਹਾਕਿਆਂ ਤੋਂ ਵੱਧ ਸਮੇਂ ‘ਚ ਨਹੀਂ ਕੀਤਾ ਗਿਆ ਅਪਡੇਟ
– ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਹੀ ਬਾਇਡਨ ਨੇ ਪੇਸ਼ ਕੀਤਾ ਸੀ ਇਮੀਗ੍ਰੇਸ਼ਨ ਸੁਧਾਰ ਕਾਨੂੰਨ
ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਸੰਸਦ ਨੂੰ ਬਹੁਤ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਡੇਟ ਕਰਨ ਲਈ ਕਿਹਾ ਹੈ। ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ”ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਹੈ, ਇਹ ਇੱਕ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਹੈ।” ਅਸੀਂ ਸੰਸਦ ਨੂੰ ਆਪਣੀ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਡੇਟ ਕਰਨ ਲਈ ਕਿਹਾ ਹੈ। ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ। ਇਨ੍ਹਾਂ ਵਿਚ ਅਸਥਾਈ ਵੀਜ਼ਾ ਪ੍ਰੋਗਰਾਮ ਸ਼ਾਮਲ ਹੈ, ਜਿਸ ਨੂੰ ਦੋ ਦਹਾਕਿਆਂ ਤੋਂ ਵੱਧ ਸਮੇਂ ਵਿਚ ਅਪਡੇਟ ਨਹੀਂ ਕੀਤਾ ਗਿਆ ਹੈ।”
ਮੌਜੂਦਾ ਨਿਯਮਾਂ ਦੇ ਤਹਿਤ ਕੁਝ ਅਸਥਾਈ ਵੀਜ਼ਿਆਂ ‘ਤੇ ਕੰਮ ਕਰਨ ਵਾਲੇ ਕਾਮਿਆਂ ਕੋਲ ਨਵਾਂ ਰੁਜ਼ਗਾਰ ਲੱਭਣ, ਵੱਖਰਾ ਵੀਜ਼ਾ ਵਰਗੀਕਰਣ ਅਪਣਾਉਣ ਜਾਂ ਅਮਰੀਕਾ ਛੱਡਣ ਦੀ ਤਿਆਰੀ ਕਰਨ ਲਈ ਆਮ ਤੌਰ ‘ਤੇ 60 ਦਿਨ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੰਸਦ ਨੂੰ ਆਪਣਾ ਕੰਮ ਕਰਨ ਅਤੇ ਕਾਨੂੰਨ ਪਾਸ ਕਰਨ ਦੀ ਲੋੜ ਹੈ। ਉਸ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਅਪਡੇਟ ਕਰਨ ਦੀ ਲੋੜ ਹੈ, ਤਾਂ ਜੋ ਉਹ 21ਵੀਂ ਸਦੀ ਦੀ ਆਰਥਿਕਤਾ ਵਿਚ ਅੱਜ ਅਸੀਂ ਜਿੱਥੇ ਹਾਂ, ਉਸ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਕਿਹਾ ਕਿ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਬਾਇਡਨ ਨੇ ਇਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪੇਸ਼ ਕੀਤਾ ਸੀ ਕਿਉਂਕਿ ਉਹ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਕੀਤੇ ਜਾਣ ਵਾਲੇ ਸੁਧਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਲਈ ਇਨ੍ਹਾਂ ਸੁਧਾਰਾਂ ਦਾ ਭਾਰਤੀਆਂ ‘ਤੇ ਕੀ ਅਸਰ ਪਵੇਗਾ, ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਇਹ ਸਭ ਆਉਣ ਵਾਲੇ ਸਮੇਂ ਵਿਚ ਸਪੱਸ਼ਟ ਹੋਵੇਗਾ ਕਿ ਇਸ ਨਾਲ ਭਾਰਤੀਆਂ ਨੂੰ ਫ਼ਾਇਦਾ ਹੋਵੇਗਾ ਜਾਂ ਨਹੀਂ।