ਵਾਸ਼ਿੰਗਟਨ, 27 ਨਵੰਬਰ (ਪੰਜਾਬ ਮੇਲ)- ਐੱਫ-1 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਾਠਕ੍ਰਮ ਪ੍ਰੈਕਟੀਕਲ ਟ੍ਰੇਨਿੰਗ ਨਾਲ ਸਬੰਧਤ ਡੀ.ਐਚ.ਐਸ ਦੀਆਂ ਨਵੀਆਂ ਪਾਬੰਦੀਆਂ ਉੱਤੇ ਸੰਘੀ ਅਦਾਲਤ ਨੇ ਅਸਥਾਈ ਰੋਕ ਲਾ ਦਿੱਤੀ ਹੈ। ਸੀਪੀਟੀ ਰਾਹੀਂ ਯੋਗ ਐੱਫ-1 ਵਿਦਿਆਰਥੀ ਆਪਣੀ ਪੜ੍ਹਾਈ ਨਾਲ ਸਿੱਧੇ ਤੌਰ ‘ਤੇ ਜੁੜੀ ਨੌਕਰੀ, ਇੰਟਰਨਸ਼ਿਪ ਜਾਂ ਪ੍ਰੈਕਟੀਕਲ ਟ੍ਰੇਨਿੰਗ ਕਰ ਸਕਦੇ ਹਨ।
ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਨੇ ਅਗਸਤ 2026 ਵਿੱਚ ਦੋ ਹਦਾਇਤਾਂ ਜਾਰੀ ਕੀਤੀਆਂ ਸਨ। ਇਨ੍ਹਾਂ ਦੀ ਵਿਆਖਿਆ ਅਨੁਸਾਰ ਸੀਪੀਟੀ ਸਿਰਫ਼ ਉਸ ਸਥਿਤੀ ਵਿੱਚ ਦਿੱਤੀ ਜਾ ਸਕਦੀ ਸੀ, ਜਦੋਂ ਟ੍ਰੇਨਿੰਗ ਉਸ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰਨ ਵਾਲੇ ਹਰ ਵਿਦਿਆਰਥੀ ਲਈ ਲਾਜ਼ਮੀ ਹੋਵੇ। ਇਸ ਕਾਰਨ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਸੀਪੀਟੀ ਮਨਜ਼ੂਰੀਆਂ ਰੋਕ ਦਿੱਤੀਆਂ ਜਾਂ ਪਹਿਲਾਂ ਦਿੱਤੀਆਂ ਮਨਜ਼ੂਰੀਆਂ ਵਾਪਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਮੈਸੇਚੂਸੇਟਸ ਦੀ ਸੰਘੀ ਅਦਾਲਤ ਨੇ ਦੋਵੇਂ ਐਸ.ਈ.ਵੀ.ਪੀ. ਬਰਾਡਕਾਸਟ ਮੈਸੇਜਸ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਲਾਗੂ ਕਰਨ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਡੀ.ਐਚ.ਐਸ ਨੂੰ ਇਨ੍ਹਾਂ ਹਦਾਇਤਾਂ ਦੇ ਆਧਾਰ ‘ਤੇ ਪੁਰਾਣੀ ਜਾਂ ਨਵੀਂ ਸੀਪੀਟੀ ਮਨਜ਼ੂਰੀ ਵਿਰੁੱਧ ਕਾਰਵਾਈ ਕਰਨ ਤੋਂ ਵੀ ਰੋਕਿਆ ਹੈ।
ਰਾਹਤ ਮੁਕੱਦਮਾ ਕਰਨ ਵਾਲੀਆਂ ਚਾਰ ਉੱਚ ਸਿੱਖਿਆ ਸੰਸਥਾਵਾਂ, ਉਨ੍ਹਾਂ ਦੇ ਮੈਂਬਰ ਕਾਲਜਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਉੱਤੇ ਲਾਗੂ ਹੈ। ਹੁਕਮ ਆਪਣੇ ਆਪ ਹਰ ਗੈਰ-ਮੈਂਬਰ ਸਕੂਲ ਦੇ ਵਿਦਿਆਰਥੀ ਨੂੰ ਸੁਰੱਖਿਆ ਨਹੀਂ ਦਿੰਦਾ।
ਇਹ ਅਸਥਾਈ ਹੁਕਮ ਹੈ, ਅੰਤਿਮ ਫ਼ੈਸਲਾ ਨਹੀਂ। ਡੀ.ਐਚ.ਐਸ ਅਪੀਲ ਕਰ ਸਕਦਾ ਹੈ ਜਾਂ ਨਵੀਂ ਹਦਾਇਤ ਜਾਰੀ ਕਰ ਸਕਦਾ ਹੈ।
ਐੱਫ-1 ਵਿਦਿਆਰਥੀਆਂ ਦੀ ਸੀਪੀਟੀ ਉੱਤੇ ਲਗਾਈਆਂ ਪਾਬੰਦੀਆਂ ਰੁਕੀਆਂ

