#CANADA

ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਮਾਮਲੇ ‘ਚ ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ , 27 ਨਵੰਬਰ (ਪੰਜਾਬ ਮੇਲ)-  ਕੈਨੇਡਾ ਦੇ ਬਰੈਂਪਟਨ ਵਿੱਚ ਫਿਰੌਤੀ ਮੰਗਣ ਅਤੇ ਇਕ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ 29 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਜਸਜੀਤ ਸਿੰਘ ਵਜੋਂ ਹੋਈ ਹੈ। ਪੀਲ ਰੀਜਨਲ ਪੁਲਿਸ ਦੀ ਮੇਜਰ ਕ੍ਰਾਈਮਜ਼ ਯੂਨਿਟ ਨੇ ਉਸ ਨੂੰ ਇਸ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀੜਤ ਨੂੰ ਅਪ੍ਰੈਲ ਤੋਂ ਲਗਾਤਾਰ ਪੈਸੇ ਦੇਣ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਮੰਗਾਂ ਦੇ ਨਾਲ ਉਸ ਦੇ ਪਰਿਵਾਰ, ਘਰ, ਕਾਰੋਬਾਰੀ ਅਦਾਰੇ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ।

ਜਾਂਚਕਰਤਾਵਾਂ ਅਨੁਸਾਰ 5 ਸਤੰਬਰ ਨੂੰ ਸਵੇਰੇ ਕਰੀਬ 4 ਵੱਜ ਕੇ 45 ਮਿੰਟ ’ਤੇ ਪੁਲਿਸ ਨੂੰ ਪੀੜਤ ਦੇ ਕਾਰੋਬਾਰੀ ਅਦਾਰੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਦਾ ਦੋਸ਼ ਹੈ ਕਿ ਇਕ ਵਿਅਕਤੀ ਨੇ ਗੈਰੇਜ ਦੇ ਦਰਵਾਜ਼ੇ ਨੇੜੇ ਜਲਣਸ਼ੀਲ ਤਰਲ ਪਦਾਰਥ ਡੋਲ੍ਹਿਆ, ਜਿਸ ਦੇ ਪੈਟਰੋਲ ਹੋਣ ਦਾ ਸ਼ੱਕ ਹੈ, ਅਤੇ ਫਿਰ ਉਸ ਨੂੰ ਅੱਗ ਲਾ ਦਿੱਤੀ। ਇਸ ਕਾਰਨ ਅੱਗ ਅਦਾਰੇ ਦੇ ਅੰਦਰ ਤੱਕ ਫੈਲ ਗਈ।

ਇਸ ਘਟਨਾ ਵਿੱਚ ਕਾਰੋਬਾਰੀ ਅਦਾਰੇ ਅਤੇ ਨੇੜੇ ਖੜ੍ਹੇ ਵਾਹਨਾਂ ਨੂੰ ਕਰੀਬ ਇਕ ਲੱਖ ਕੈਨੇਡੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਪੁਲਿਸ ਨੇ 9 ਅਕਤੂਬਰ ਨੂੰ ਜਸਜੀਤ ਸਿੰਘ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਫਿਰੌਤੀ ਵਸੂਲਣ ਦਾ ਇਕ ਦੋਸ਼ ਲਾਇਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ਸਬੰਧੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਜਾਂ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਜਾਂਚਕਰਤਾਵਾਂ ਨਾਲ ਸਾਂਝੀ ਕਰੇ।