#PUNJAB

ਪੰਜਾਬ ਕਾਂਗਰਸ ਵੱਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਖੱਬੀਆਂ ਧਿਰਾਂ ਨਾਲ ਗੱਠਜੋੜ ਦੀ ਤਿਆਰੀ!

ਹਾਈ ਕਮਾਨ ਕਰੇਗੀ ਆਖ਼ਰੀ ਫ਼ੈਸਲਾ: ਪਰਗਟ ਸਿੰਘ
ਚੰਡੀਗੜ੍ਹ, 26 ਨਵੰਬਰ (ਪੰਜਾਬ ਮੇਲ)- ਪੰਜਾਬ ਕਾਂਗਰਸ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਗੱਠਜੋੜ ਲਈ ਕਮਿਊਨਿਸਟ ਧਿਰਾਂ ਵੱਲ ਹੱਥ ਵਧਾਇਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਰਸਮੀ ਗੱਠਜੋੜ ਮਗਰੋਂ ਕਾਂਗਰਸ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਖੱਬੇ ਪੱਖੀ ਧਿਰਾਂ ਨਾਲ ਆਪਣੇ ਰਵਾਇਤੀ ਗੱਠਜੋੜ ਦੀ ਬਹਾਲੀ ‘ਤੇ ਵਿਚਾਰ ਚਰਚਾ ਸ਼ੁਰੂ ਕੀਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਇਸ ਪੇਸ਼ਕਦਮੀ ਦਾ ਸਵਾਗਤ ਕਰਦਿਆਂ ਫ਼ਿਰਕੂ ਤਾਕਤਾਂ ਤੋਂ ਦਰਪੇਸ਼ ਖ਼ਤਰਿਆਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਗੰਭੀਰ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਨੇ ਕਮਿਊਨਿਸਟ ਆਗੂਆਂ ਨਾਲ ਗੱਠਜੋੜ ਬਾਰੇ ਗ਼ੈਰ-ਰਸਮੀ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਅਗਲੇ ਦਿਨਾਂ ‘ਚ ਮੀਟਿੰਗ ਹੋਣ ਦੇ ਆਸਾਰ ਹਨ। ਚਰਚਾ ਮਗਰੋਂ ਗੱਠਜੋੜ ਲਈ ਠੋਸ ਖ਼ਾਕਾ ਹਾਈ ਕਮਾਨ ਅੱਗੇ ਰੱਖਿਆ ਜਾਵੇਗਾ। ਪਾਰਟੀ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਚ ਕਿਹਾ ਕਿ ਗੱਠਜੋੜ ਬਾਰੇ ਅੰਤਿਮ ਫ਼ੈਸਲਾ ਹਾਈ ਕਮਾਨ ਵੱਲੋਂ ਲਿਆ ਜਾਵੇਗਾ। ਉਨ੍ਹਾਂ ਸੀ.ਪੀ.ਆਈ. ਅਤੇ ਸੀ.ਪੀ.ਐੱਮ ਨਾਲ ਤਾਲਮੇਲ ਬਾਰੇ ਵਿਚਾਰ ਕਰਨ ਦਾ ਸੰਕੇਤ ਵੀ ਦਿੱਤਾ।
ਦੂਜੇ ਪਾਸੇ ਸੀ.ਪੀ.ਆਈ. ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਭਾਜਪਾ ਦੇ ਖ਼ਤਰੇ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸਰਹੱਦੀ ਸੂਬੇ ਵਿਚ ਭਾਜਪਾ ਦਾ ਤਕੜੇ ਹੋਣਾ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ। ‘ਇੰਡੀਆ’ ਬਲਾਕ ਵਿਚ ਸ਼ਾਮਲ ਧਿਰਾਂ ਨੂੰ ਪੰਜਾਬ ‘ਚ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਉਹ ਪੰਜਾਬ ਚੋਣਾਂ ਲਈ ਗੱਠਜੋੜ ਵਾਸਤੇ ਤਿਆਰ ਹਨ, ਬਸ਼ਰਤੇ ਕਾਂਗਰਸ ਵੀ ਇਸ ਲਈ ਸੰਜੀਦਾ ਹੋਵੇ। ਪੰਜਾਬ ਵਿਚ ਸੀ.ਪੀ.ਆਈ. ਨਾਲ ਕਾਂਗਰਸ ਦਾ ਆਖ਼ਰੀ ਚੋਣ ਗੱਠਜੋੜ 2004 ਦੀਆਂ ਲੋਕ ਸਭਾ ਚੋਣਾਂ ‘ਚ ਹੋਇਆ ਸੀ। ਉਸ ਤੋਂ ਪਹਿਲਾਂ ਗੱਠਜੋੜ ਤਹਿਤ ਸੀ.ਪੀ.ਆਈ. ਦੇ ਭਾਨ ਸਿੰਘ ਭੌਰਾ ਨੇ 1999 ‘ਚ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਵਿਧਾਨ ਸਭਾ ਚੋਣਾਂ ਦੇ ਗੱਠਜੋੜ ਦੀ ਗੱਲ ਕਰੀਏ, ਤਾਂ ਆਖ਼ਰੀ ਸਮੇਂ ਸਾਲ 2002 ਦੀਆਂ ਚੋਣਾਂ ਦੋਵਾਂ ਧਿਰਾਂ ਨੇ ਇਕੱਠਿਆਂ ਲੜੀਆਂ ਸਨ। ਪੰਜਾਬੀ ਸੂਬਾ ਹੋਂਦ ਵਿਚ ਆਉਣ ਮਗਰੋਂ ਭਾਰਤੀ ਕਮਿਊਨਿਸਟ ਪਾਰਟੀ ਦਾ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹੁਣ ਤੱਕ ਚਾਰ ਵਾਰ ਗੱਠਜੋੜ ਰਹਿ ਚੁੱਕਾ ਹੈ।