#INDIA

ਜਿਨਸੀ ਸ਼ੋਸ਼ਣ ਮਾਮਲੇ ‘ਚ ਯੂ.ਕੇ. ਅਦਾਲਤ ਵੱਲੋਂ ਭਾਰਤੀ ਵਕੀਲ ਵਿਜੇ ਅੱਗਰਵਾਲ ਨੂੰ ਜ਼ਮਾਨਤ

5,00,000 ਪੌਂਡ ਦੇ ਬਾਂਡ ‘ਤੇ ਜ਼ਮਾਨਤ; ਸਹਿ ਮੁਲਜ਼ਮ ਮਨਪ੍ਰੀਤ ਕੌਰ ਨੂੰ ਵੱਖਰੇ ਬਾਂਡ ‘ਤੇ ਜ਼ਮਾਨਤ
ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)- ਭਾਰਤੀ ਅਪਰਾਧਿਕ ਮਾਮਲਿਆਂ ਦੇ ਵਕੀਲ ਵਿਜੇ ਅੱਗਰਵਾਲ ਨੂੰ ਯੂ.ਕੇ. ਦੀ ਇੱਕ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਜਿੱਥੇ ਉਹ ਲੰਡਨ ਵਿੱਚ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜੇ ਇੱਕ ਮਾਮਲੇ ਵਿਚ ਮੁਕੱਦਮੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੀ ਸਹਿ-ਮੁਲਜ਼ਮ ਅਤੇ ਸਹਾਇਕ, ਮਨਪ੍ਰੀਤ ਕੌਰ ਨੂੰ ਵੀ ਬੁੱਧਵਾਰ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ।
ਸਾਊਥਵਾਰਕ ਕਰਾਊਨ ਕੋਰਟ ਦੇ ਜੱਜ ਡੇਵਿਡ ਟੌਮਲਿੰਸਨ ਨੇ ਅੱਗਰਵਾਲ ਨੂੰ 5,00,000 ਪੌਂਡ ਦੇ ਬਾਂਡ ‘ਤੇ ਜ਼ਮਾਨਤ ਦਿੱਤੀ, ਜਦਕਿ ਕੌਰ ਨੂੰ ਇੱਕ ਵੱਖਰੇ ਬਾਂਡ ‘ਤੇ ਜ਼ਮਾਨਤ ਦਿੱਤੀ ਗਈ। ਜ਼ਮਾਨਤ ਦੀਆਂ ਸ਼ਰਤਾਂ ਤਹਿਤ, ਦੋਵਾਂ ਨੂੰ ਹਿਰਾਸਤ ਤੋਂ ਬਾਹਰ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਉਹ ਯੂਨਾਈਟਿਡ ਕਿੰਗਡਮ ਨਹੀਂ ਛੱਡ ਸਕਦੇ। ਅੱਗਰਵਾਲ ਦੀ ਇਲੈਕਟ੍ਰਾਨਿਕ ਨਿਗਰਾਨੀ ਵੀ ਕੀਤੀ ਜਾਵੇਗੀ।
ਅੱਗਰਵਾਲ ਮਨਪ੍ਰੀਤ ਕੌਰ ਦੇ ਨਾਲ ਅਦਾਲਤ ਵਿਚ ਪੇਸ਼ ਹੋਏ। ਕਾਰਵਾਈ ਦੌਰਾਨ ਉਨ੍ਹਾਂ ਦੀ ਪਤਨੀ, ਧੀ ਅਤੇ ਜਵਾਈ ਵੀ ਮੌਜੂਦ ਸਨ। ਇਹ ਤਾਜ਼ਾ ਹੁਕਮ ਇਸ ਕਾਰਵਾਈ ਵਿਚ ਇੱਕ ਅਹਿਮ ਪੇਸ਼ਕਦਮੀ ਹੈ, ਕਿਉਂਕਿ ਅਦਾਲਤ ਨੇ 23 ਸਤੰਬਰ ਨੂੰ ਅੱਗਰਵਾਲ ਦੀ ਪਹਿਲੀ ਜ਼ਮਾਨਤ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ਼ ਛੱਡ ਕੇ ਜਾਣ ਦਾ ਖ਼ਦਸ਼ਾ ਹੈ।
ਅੱਗਰਵਾਲ ਅਤੇ ਮਨਪ੍ਰੀਤ ਕੌਰ ਨੂੰ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ 11 ਅਗਸਤ ਨੂੰ ਮੇਅਫੇਅਰ ਇਲਾਕੇ ਦੀ ਇੱਕ ਜਾਇਦਾਦ ਤੋਂ ਇਸ ਸਾਲ 26 ਮਈ ਅਤੇ 9 ਅਗਸਤ ਨੂੰ ਹੋਈਆਂ ਕਥਿਤ ਘਟਨਾਵਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।
ਮੈਟਰੋਪੋਲੀਟਨ ਪੁਲਿਸ ਅਨੁਸਾਰ ਕਥਿਤ ਜਿਨਸੀ ਸ਼ੋਸ਼ਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਅਧਿਕਾਰੀ ਮੇਅਫੇਅਰ ਦੀ ਬ੍ਰਿਕ ਸਟਰੀਟ ਸਥਿਤ ਇੱਕ ਜਾਇਦਾਦ ‘ਤੇ ਪਹੁੰਚੇ ਸਨ।
ਵਿਜੇ ਅੱਗਰਵਾਲ ‘ਤੇ ਬਾਅਦ ਵਿਚ ਜਬਰ-ਜ਼ਨਾਹ ਦੇ ਇੱਕ ਮਾਮਲੇ ਅਤੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲਿਆਂ ਤਹਿਤ ਦੋਸ਼ ਆਇਦ ਕੀਤੇ ਗਏ ਸਨ। ਮਨਪ੍ਰੀਤ ਕੌਰ ‘ਤੇ ਜਾਣਬੁੱਝ ਕੇ ਜਿਨਸੀ ਸ਼ੋਸ਼ਣ ਕਰਨ ਲਈ ਉਕਸਾਉਣ ਜਾਂ ਸਹਾਇਤਾ ਕਰਨ ਦੇ ਦੋ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੋਵਾਂ ‘ਤੇ 13 ਅਗਸਤ ਨੂੰ ਦੋਸ਼ ਆਇਦ ਕੀਤੇ ਗਏ ਸਨ ਅਤੇ ਉਸੇ ਦਿਨ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ ਬਾਅਦ ‘ਚ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ, ਅਤੇ ਬਾਅਦ ਵਿਚ ਇਹ ਕਾਰਵਾਈ ਸਾਊਥਵਾਰਕ ਕਰਾਊਨ ਕੋਰਟ ਵੱਲੋਂ ਸ਼ੁਰੂ ਕੀਤੀ ਗਈ।
ਪੁਲਿਸ ਨੇ ਇਸ ਜਾਂਚ ਦੇ ਸਬੰਧ ਵਿਚ ਦੋ ਹੋਰ ਵਿਅਕਤੀਆਂ, ਇੱਕ 23 ਸਾਲਾ ਵਿਅਕਤੀ ਅਤੇ ਇੱਕ 43 ਸਾਲਾ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਨੂੰ ਬਾਅਦ ਵਿਚ ਅਗਲੇਰੀ ਪੁੱਛਗਿੱਛ ਲੰਬਿਤ ਰਹਿਣ ਤੱਕ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਕਥਿਤ ਘਟਨਾਵਾਂ ਦੀ ਰਿਪੋਰਟ ਕਰਨ ਵਾਲੀਆਂ ਦੋਵਾਂ ਔਰਤਾਂ ਨੂੰ ਮਾਹਿਰ ਅਧਿਕਾਰੀਆਂ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਜੇ ਅੱਗਰਵਾਲ ਭਾਰਤ ਦੇ ਪ੍ਰਮੁੱਖ ਅਪਰਾਧਿਕ ਮਾਮਲਿਆਂ ਦੇ ਵਕੀਲਾਂ ਵਿਚੋਂ ਇੱਕ ਹਨ ਅਤੇ ਉਨ੍ਹਾਂ ਨੇ ਕਈ ਹਾਈ-ਪ੍ਰੋਫਾਈਲ ਮੁਵੱਕਿਲਾਂ ਦੀ ਪੈਰਵੀ ਕੀਤੀ ਹੈ, ਜਿਨ੍ਹਾਂ ਵਿਚ ਬੈਲਜੀਅਮ ਵਿਚ ਹਵਾਲਗੀ ਨਾਲ ਸਬੰਧਤ ਕਾਰਵਾਈਆਂ ਵਿਚ ਭਗੌੜਾ ਕਾਰੋਬਾਰੀ ਮੇਹੁਲ ਚੋਕਸੀ ਵੀ ਸ਼ਾਮਲ ਹੈ।
ਅੱਗਰਵਾਲ ਅਤੇ ਮਨਪ੍ਰੀਤ ਕੌਰ ਵਿਰੁੱਧ ਲੱਗੇ ਦੋਸ਼ਾਂ ‘ਤੇ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾਣਾ ਅਜੇ ਬਾਕੀ ਹੈ।