ਵਾਸ਼ਿੰਗਟਨ, 24 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਿਆਂ ਵਿਭਾਗ ਨੇ ਦੇਸ਼ ਭਰ ਵਿਚ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਅਤੇ ਅਪਰਾਧਾਂ ਨੂੰ ਘਟਾਉਣ ਲਈ ਕਰੀਬ 150 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਰਾਸ਼ੀ ਨਾਲ 1,000 ਤੋਂ ਵੱਧ ਨਵੇਂ ਪੁਲਿਸ ਅਧਿਕਾਰੀਆਂ ਅਤੇ ਸ਼ੈਰਿਫ਼ ਡਿਪਟੀਆਂ ਦੀ ਭਰਤੀ ਕੀਤੀ ਜਾਵੇਗੀ।
ਇਹ ਫੰਡ 2026 ਦੇ ‘ਕੌਪਸ ਹਾਇਰਿੰਗ ਪ੍ਰੋਗਰਾਮ’ ਤਹਿਤ ਸੂਬਾਈ ਅਤੇ ਸਥਾਨਕ ਪੁਲਿਸ ਵਿਭਾਗਾਂ ਸਮੇਤ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦਿੱਤੇ ਜਾਣਗੇ। ਇਸ ਰਾਸ਼ੀ ਦੀ ਵਰਤੋਂ ਨਵੇਂ ਅਧਿਕਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਸਹੂਲਤਾਂ ਲਈ ਕੀਤੀ ਜਾਵੇਗੀ।
ਅਮਰੀਕਾ ਦੇ ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਹਿੰਸਕ ਅਪਰਾਧਾਂ ਵਿਚ ਵੱਡੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਹਾਇਤਾ ਨਾਲ ਸੜਕਾਂ ‘ਤੇ ਪੁਲਿਸ ਦੀ ਤਾਇਨਾਤੀ ਵਧੇਗੀ ਅਤੇ ਲੋਕਾਂ ਦੀ ਸੁਰੱਖਿਆ ਮਜ਼ਬੂਤ ਹੋਵੇਗੀ।
ਕੁੱਲ 551 ਪੁਲਿਸ ਏਜੰਸੀਆਂ ਨੇ ਵਿੱਤੀ ਸਹਾਇਤਾ ਲਈ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ਵਿਚੋਂ 269 ਨੂੰ ਮਨਜ਼ੂਰੀ ਮਿਲੀ ਹੈ। ਇਨ੍ਹਾਂ ਵਿਚੋਂ 153 ਏਜੰਸੀਆਂ ਹਿੰਸਕ ਅਪਰਾਧਾਂ ਨੂੰ ਰੋਕਣ, 40 ਸਕੂਲਾਂ ਦੀ ਸੁਰੱਖਿਆ, 36 ਜਨਤਕ ਵਿਵਸਥਾ ਸੁਧਾਰਨ, 17 ਪੁਲਿਸ ਕਾਰਜਪ੍ਰਣਾਲੀ ਵਿਚ ਸੁਧਾਰ, 16 ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ 7 ਨਾਜਾਇਜ਼ ਕਬਜ਼ਿਆਂ ਤੇ ਅਸਥਾਈ ਕੈਂਪਾਂ ਨਾਲ ਜੁੜੇ ਮਾਮਲਿਆਂ ‘ਤੇ ਕੰਮ ਕਰਨਗੀਆਂ।
ਇਸ ਤੋਂ ਇਲਾਵਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਸੰਘੀ ਏਜੰਸੀਆਂ ਨਾਲ ਸਹਿਯੋਗ ਕਰਨ ਵਾਲੇ ਪੁਲਿਸ ਵਿਭਾਗਾਂ ਅਤੇ ਪੇਂਡੂ ਇਲਾਕਿਆਂ ਦੀਆਂ ਏਜੰਸੀਆਂ ਨੂੰ ਵੀ ਤਰਜੀਹ ਦਿੱਤੀ ਗਈ ਹੈ।
ਨਿਆਂ ਵਿਭਾਗ ਅਨੁਸਾਰ ਇਸ ਪ੍ਰੋਗਰਾਮ ਤਹਿਤ ਹੁਣ ਤੱਕ 21 ਅਰਬ ਡਾਲਰ ਤੋਂ ਵੱਧ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਰਾਹੀਂ 13,000 ਤੋਂ ਵੱਧ ਪੁਲਿਸ ਏਜੰਸੀਆਂ ਨੂੰ 1 ਲੱਖ 41 ਹਜ਼ਾਰ ਤੋਂ ਵੱਧ ਅਧਿਕਾਰੀਆਂ ਦੀ ਭਰਤੀ ਅਤੇ ਮੁੜ ਤਾਇਨਾਤੀ ਲਈ ਸਹਾਇਤਾ ਮਿਲੀ ਹੈ।
ਅਮਰੀਕਾ ‘ਚ 1,000 ਤੋਂ ਵੱਧ ਪੁਲਿਸ ਅਧਿਕਾਰੀਆਂ ਦੀ ਭਰਤੀ ਲਈ 150 ਮਿਲੀਅਨ ਡਾਲਰ ਜਾਰੀ

