ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਬੇਅ ਏਰੀਆ ਅਤੇ ਸੈਕਰਾਮੈਂਟੋ ਵਿਚ ਅਮਰੀਕੀ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਦੀ ਉਡੀਕ ਤੇਜ਼ੀ ਨਾਲ ਵਧ ਰਹੀ ਹੈ। ਤਾਜ਼ਾ ਉਪਲਬਧ ਅੰਕੜੇ ਅਪ੍ਰੈਲ ਤੋਂ ਜੂਨ 2026 ਤੱਕ ਦੇ ਹਨ। ਇਨ੍ਹਾਂ ਅਨੁਸਾਰ ਸਾਨ ਫਰਾਂਸਿਸਕੋ, ਸੈਨਹੋਜ਼ੇ ਅਤੇ ਸੈਕਰਾਮੈਂਟੋ ਯੂ.ਐੱਸ.ਸੀ.ਆਈ.ਐੱਸ. ਦਫ਼ਤਰਾਂ ਨੇ ਇਸ ਸਮੇਂ ਦੌਰਾਨ ਸਿਰਫ਼ 1,144 ਸਿਟੀਜ਼ਨਸ਼ਿਪ ਅਰਜ਼ੀਆਂ ਮਨਜ਼ੂਰ ਕੀਤੀਆਂ। ਪਿਛਲੇ ਸਾਲ ਇਸੇ ਸਮੇਂ 17,892 ਅਰਜ਼ੀਆਂ ਮਨਜ਼ੂਰ ਹੋਈਆਂ ਸਨ। ਇਹ ਲਗਭਗ 94 ਫ਼ੀਸਦੀ ਦੀ ਗਿਰਾਵਟ ਹੈ।
ਸਾਨ ਫਰਾਂਸਿਸਕੋ ਦਫ਼ਤਰ ਵਿਚ ਮਨਜ਼ੂਰੀਆਂ ਲਗਭਗ 94 ਫ਼ੀਸਦੀ ਅਤੇ ਸੈਨਹੋਜ਼ੇ ਵਿਚ 96 ਤੋਂ 97 ਫ਼ੀਸਦੀ ਘਟੀਆਂ। ਸੈਕਰਾਮੈਂਟੋ ਵਿਚ 3,345 ਦੀ ਥਾਂ ਸਿਰਫ਼ 489 ਕੇਸ ਮਨਜ਼ੂਰ ਹੋਏ। ਤਿੰਨਾਂ ਦਫ਼ਤਰਾਂ ਵਿਚ ਫ਼ੈਸਲੇ ਦੀ ਉਡੀਕ ਕਰ ਰਹੀਆਂ ਅਰਜ਼ੀਆਂ ਦੀ ਗਿਣਤੀ 31,392 ਤੋਂ ਵਧ ਕੇ 55,462 ਹੋ ਗਈ, ਜੋ 77 ਫ਼ੀਸਦੀ ਵਾਧਾ ਹੈ।
ਦੇਸ਼ ਭਰ ਵਿਚ ਵੀ ਇਸੇ ਤਰ੍ਹਾਂ ਦਾ ਰੁਝਾਨ ਦੇਖਿਆ ਗਿਆ। ਇਸ ਤਿਮਾਹੀ ਦੌਰਾਨ ਮਨਜ਼ੂਰੀਆਂ 241,326 ਤੋਂ ਘੱਟ ਕੇ 57,697 ਰਹਿ ਗਈਆਂ। ਬਕਾਇਆ ਐੱਨ-400 ਕੇਸਾਂ ਦੀ ਗਿਣਤੀ 529,018 ਤੋਂ ਵਧ ਕੇ 742,138 ਹੋ ਗਈ। ਸਾਨ ਫਰਾਂਸਿਸਕੋ ਵਿਚ ਨਵੀਆਂ ਅਰਜ਼ੀਆਂ ਵੀ 45 ਫ਼ੀਸਦੀ ਘਟੀਆਂ, ਜਦਕਿ ਦੇਸ਼ ਭਰ ਵਿਚ 43 ਫ਼ੀਸਦੀ ਕਮੀ ਆਈ।
ਮਨਜ਼ੂਰੀਆਂ ਦੇ ਨਾਲ ਇਨਕਾਰ ਵੀ ਘਟੇ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਮੱਸਿਆ ਸਿਰਫ਼ ਅਰਜ਼ੀਆਂ ਰੱਦ ਹੋਣ ਦੀ ਨਹੀਂ, ਸਗੋਂ ਕੇਸਾਂ ਦੀ ਪ੍ਰੋਸੈਸਿੰਗ ਹੌਲੀ ਹੋਣ ਦੀ ਵੀ ਹੈ। ਇਨ੍ਹਾਂ ਅੰਕੜਿਆਂ ਦਾ ਮਤਲਬ ਇਹ ਨਹੀਂ ਕਿ ਸਿਟੀਜ਼ਨਸ਼ਿਪ ਬੰਦ ਹੋ ਗਈ ਹੈ। ਯੋਗ ਗ੍ਰੀਨ ਕਾਰਡ ਧਾਰਕ ਅਜੇ ਵੀ ਐੱਨ-400 ਦਾਖ਼ਲ ਕਰ ਸਕਦੇ ਹਨ। ਬਿਨੈਕਾਰ ਨੂੰ ਆਪਣੀ ਰਸੀਦ, ਟੈਕਸ ਰਿਕਾਰਡ, ਯਾਤਰਾਵਾਂ ਅਤੇ ਹੋਰ ਦਸਤਾਵੇਜ਼ ਠੀਕ ਤਰ੍ਹਾਂ ਸੰਭਾਲ ਕੇ ਰੱਖਣੇ ਚਾਹੀਦੇ ਹਨ।
ਬੇਅ ਏਰੀਆ ਅਤੇ ਸੈਕਰਾਮੈਂਟੋ ‘ਚ ਸਿਟੀਜ਼ਨਸ਼ਿਪ ਕੇਸਾਂ ਦੀ ਵੱਡੀ ਬੈਕਲਾਗ
