ਕੈਂਟਕੀ, 4 ਨਵੰਬਰ (ਪੰਜਾਬ ਮੇਲ)- ਕੈਂਟਕੀ ਦੇ ਹਾਪਕਿਨਜ਼ ਕਾਊਂਟੀ ਵਿਚ ਟੰਗਸਟਨ ਦੀ ਇੱਕ ਵੱਡੀ ਖੇਪ ਚੋਰੀ ਹੋਣ ਦੇ ਮਾਮਲੇ ਵਿਚ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਚੋਰੀ ਹੋਏ ਟੰਗਸਟਨ ਦੀ ਕੀਮਤ 10 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।
ਸ਼ੈਰਿਫ਼ ਦਫ਼ਤਰ ਦੀ ਜਾਣਕਾਰੀ ਅਨੁਸਾਰ, ਮੈਡਿਸਨਵਿਲੇ ਵਿਚ ਸਥਿਤ ਟੰਗਸਟਨ ਕੰਪਨੀ ‘ਟੰਗਕੋ’ ਨੇ 31 ਜੁਲਾਈ ਨੂੰ ਪੁਲਿਸ ਨੂੰ ਦੱਸਿਆ ਕਿ ਉਸ ਦੀ ਫੈਕਟਰੀ ਵਿਚੋਂ ਟੰਗਸਟਨ ਦੀ ਇੱਕ ਖੇਪ ਗਾਇਬ ਹੈ। ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਹ ਖੇਪ ਰਿਪੋਰਟ ਦਰਜ ਹੋਣ ਤੋਂ ਦੋ ਦਿਨ ਪਹਿਲਾਂ, ਯਾਨੀ 29 ਜੁਲਾਈ ਨੂੰ ਚੋਰੀ ਹੋਈ ਸੀ।
ਜਾਂਚ ਅੱਗੇ ਵਧੀ, ਤਾਂ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਵਰਿੰਦਰ ਸਿੰਘ ਵਜੋਂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸੈਕਰਾਮੈਂਟੋ, ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਹਾਪਕਿਨਜ਼ ਕਾਊਂਟੀ ਦੇ ਜਾਂਚਕਰਤਾਵਾਂ ਨੇ ਉਸ ਨੂੰ ਲੱਭਣ ਲਈ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਮਦਦ ਲਈ। ਵਰਿੰਦਰ ਸਿੰਘ ਨੂੰ ਕੈਲੀਫੋਰਨੀਆ ਵਿਚ ਅਗਸਤ ਮਹੀਨੇ ਸਥਾਨਕ ਦੋਸ਼ਾਂ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਕੈਂਟਕੀ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ, 29 ਅਕਤੂਬਰ ਨੂੰ ਉਸ ਨੂੰ ਕੈਂਟਕੀ ਲਿਆਂਦਾ ਗਿਆ। ਇਸ ਵੇਲੇ ਉਹ ਹਾਪਕਿਨਜ਼ ਕਾਊਂਟੀ ਦੀ ਜੇਲ੍ਹ ਵਿਚ ਹੈ। ਉਸ ‘ਤੇ ਇੱਕ ਲੱਖ ਡਾਲਰ ਤੋਂ ਵੱਧ, ਪਰ ਇੱਕ ਕਰੋੜ ਡਾਲਰ ਤੋਂ ਘੱਟ ਕੀਮਤ ਦੀ ਜਾਇਦਾਦ ਗੈਰਕਾਨੂੰਨੀ ਤਰੀਕੇ ਨਾਲ ਲੈਣ ਦਾ ਦੋਸ਼ ਲਾਇਆ ਗਿਆ ਹੈ। ਉਸ ਦਾ ਜ਼ਮਾਨਤੀ ਬਾਂਡ ਇੱਕ ਲੱਖ ਡਾਲਰ ਰੱਖਿਆ ਗਿਆ ਹੈ।
ਸ਼ੈਰਿਫ਼ ਦਫ਼ਤਰ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਦੋਸ਼ ਅਦਾਲਤ ਵਿਚ ਸਾਬਤ ਹੋਣੇ ਬਾਕੀ ਹਨ।
ਕੈਲੀਫੋਰਨੀਆ ਦੇ ਵਿਅਕਤੀ ‘ਤੇ 10 ਲੱਖ ਡਾਲਰ ਤੋਂ ਵੱਧ ਦਾ ਟੰਗਸਟਨ ਚੋਰੀ ਕਰਨ ਦਾ ਦੋਸ਼

