ਹਵਾਈ ਫੌਜ ਦੇ ਦੋ ਸਿਖਲਾਈ ਜਹਾਜ਼ ਹੋਏ ਹਾਦਸਾਗ੍ਰਸਤ
ਮਨੀਲਾ, 24 ਅਕਤੂਬਰ (ਪੰਜਾਬ ਮੇਲ)- ਫਿਲੀਪੀਨਜ਼ ਵਿਚ ਸਿਖਲਾਈ ਦੌਰਾਨ ਹਵਾਈ ਫੌਜ ਦੇ ਦੋ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਦੋਵਾਂ ਜਹਾਜ਼ਾਂ ਦੇ ਚਾਰ ਪਾਇਲਟਾਂ ਦੀ ਮੌਤ ਹੋ ਗਈ। ਦੋਵੇਂ ਜਹਾਜ਼ ਮਨੀਲਾ ਦੇ ਦੱਖਣ ਵਿਚ ਸਥਿਤ ਲੀਪਾ ਸ਼ਹਿਰ ਦੇ ਫਰਨਾਂਡੋ ਹਵਾਈ ਅੱਡੇ ‘ਤੇ ਡਿੱਗ ਪਏ।
ਹਾਦਸੇ ਤੋਂ ਬਾਅਦ ਫਿਲੀਪੀਨਜ਼ ਦੀ ਹਵਾਈ ਸੈਨਾ ਨੇ ਐੱਸ ਐੱਫ-260 ਜਹਾਜ਼ਾਂ ਦੀਆਂ ਉਡਾਣਾਂ ‘ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀ ਜਾਂਚ ਪੂਰੀ ਹੋਣ ਤੱਕ ਜਾਰੀ ਰਹੇਗੀ। ਇਸ ਸਾਲ ਹਵਾ ਵਿਚ ਦੋ ਜਹਾਜ਼ਾਂ ਦੀ ਟੱਕਰ ਦਾ ਇਹ ਦੁਨੀਆਂ ਵਿਚ ਪੰਜਵਾਂ ਵੱਡਾ ਹਾਦਸਾ ਹੈ।
ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਦੋਵੇਂ ਐੱਸ ਐੱਫ-260 ਜਹਾਜ਼ ਘੱਟ ਉਚਾਈ ‘ਤੇ ਉੱਡ ਰਹੇ ਸਨ। ਇਸੇ ਦੌਰਾਨ ਉਹ ਆਪਸ ਵਿਚ ਟਕਰਾ ਗਏ। ਇਨ੍ਹਾਂ ਵਿਚੋਂ ਇੱਕ ਜਹਾਜ਼ ਫ਼ੌਜੀ ਕਰਮਚਾਰੀਆਂ ਦੀਆਂ ਬੈਰਕਾਂ ਨੇੜੇ ਡਿੱਗਿਆ।
ਇਹ ਜਹਾਜ਼ ਇਟਲੀ ਤੋਂ ਖਰੀਦੇ ਗਏ ਸਨ। ਫਿਲੀਪੀਨਜ਼ ਦੀ ਫ਼ੌਜ ਲੰਮੇ ਸਮੇਂ ਤੋਂ ਪੈਸਿਆਂ ਦੀ ਘਾਟ ਕਾਰਨ ਆਪਣੇ ਲੜਾਕੂ ਜਹਾਜ਼ਾਂ, ਜਲ ਸੈਨਾ ਅਤੇ ਥਲ ਸੈਨਾ ਨੂੰ ਆਧੁਨਿਕ ਬਣਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਐੱਸ ਐੱਫ-260 ਜਹਾਜ਼ਾਂ ਨਾਲ ਹਾਦਸੇ ਵਾਪਰ ਚੁੱਕੇ ਹਨ। ਮਈ ਵਿਚ ਉੱਤਰੀ ਫਿਲੀਪੀਨਜ਼ ਦੇ ਪਹਾੜੀ ਇਲਾਕੇ ਵਿਚ ਐੱਸ ਐੱਫ-260 ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿਚ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ।
ਸਾਲ 2023 ਵਿਚ ਵੀ ਸਿਖਲਾਈ ਉਡਾਣ ਦੌਰਾਨ ਐੱਸ ਐੱਫ-260 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਉਸ ਹਾਦਸੇ ਵਿਚ ਵੀ ਦੋ ਪਾਇਲਟਾਂ ਦੀ ਜਾਨ ਚਲੀ ਗਈ ਸੀ।
ਫਿਲੀਪੀਨਜ਼ ‘ਚ ਦੋ ਜਹਾਜ਼ਾਂ ਦੀ ਟੱਕਰ ‘ਚ 4 ਪਾਇਲਟਾਂ ਦੀ ਮੌਤ

