#CANADA

ਕੈਨੇਡਾ ਵੱਲੋਂ ਵਿਦਿਆਰਥੀਆਂ ਸਣੇ ਢਾਈ ਲੱਖ ਪ੍ਰਵਾਸੀਆਂ ਨੂੰ ਕੱਢਣ ਲਈ ਪ੍ਰਸਤਾਵ ਪੇਸ਼!

ਕਿਊਬੈਕ, 15 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਕਿਊਬੈਕ ਸੂਬੇ ਵਿਚ 5 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੀ ‘ਪਾਰਟੀ ਕਿਊਬੈਕੋਇਸ’ (ਪੀ.ਕਿਊ.) ਦੀ ਨਵੀਂ ਸਰਕਾਰ ਵੱਲੋਂ ਪੇਸ਼ ਕੀਤੀਆਂ ਗਈਆਂ ਇਮੀਗ੍ਰੇਸ਼ਨ ਤਜਵੀਜ਼ਾਂ ਤਹਿਤ ਵਿਦੇਸ਼ੀ ਕਾਮਿਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਈ ਨਿਵਾਸੀਆਂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਹ ਨਵੀਆਂ ਤਜਵੀਜ਼ਾਂ ਪੜ੍ਹਾਈ, ਨੌਕਰੀ ਜਾਂ ਪੱਕੇ ਤੌਰ ‘ਤੇ ਵਸਣ ਦੀ ਯੋਜਨਾ ਬਣਾ ਰਹੇ ਭਾਰਤੀ ਬਿਨੈਕਾਰਾਂ ਸਮੇਤ ਕਈ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਹਾਲਾਂਕਿ ਇਹ ਪ੍ਰਸਤਾਵ ਅਜੇ ਲਾਗੂ ਨਹੀਂ ਹੋਏ ਹਨ।
ਇਮੀਗ੍ਰੇਸ਼ਨ ਲਾਅ ਫਰਮ ‘ਫ੍ਰੈਗੋਮੇਨ’ ਅਨੁਸਾਰ ਨਵੰਬਰ ਵਿਚ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਆਉਣ ਵਾਲੀ ਸਾਲਾਨਾ ਇਮੀਗ੍ਰੇਸ਼ਨ ਯੋਜਨਾ ਰਾਹੀਂ ਸਰਕਾਰ ਦੇ ਇਨ੍ਹਾਂ ਪ੍ਰਸਤਾਵਾਂ ਨੂੰ ਲਾਗੂ ਕਰਨ ਬਾਰੇ ਪਹਿਲਾ ਰਸਮੀ ਸੰਕੇਤ ਮਿਲੇਗਾ। ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੇ ਅੰਤ ਤੱਕ ‘ਪਾਰਟੀ ਕਿਊਬੈਕੋਇਸ’ ਕਿਊਬੈਕ ਵਿਚ ਗੈਰ-ਸਥਾਈ ਨਿਵਾਸੀਆਂ ਦੀ ਆਬਾਦੀ ਨੂੰ 5 ਲੱਖ ਤੋਂ ਘਟਾ ਕੇ 2.5 ਲੱਖ ਤੋਂ 3 ਲੱਖ ਦੇ ਵਿਚਕਾਰ ਲਿਆਉਣਾ ਚਾਹੁੰਦੀ ਹੈ। ਇਸ ਵਰਗ ਵਿਚ ਅਸਥਾਈ ਵਿਦੇਸ਼ੀ ਕਾਮੇ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਦਰਜਾ ਰੱਖਣ ਵਾਲੇ ਹੋਰ ਲੋਕ ਸ਼ਾਮਲ ਹਨ। ਪ੍ਰਸਤਾਵ ਤਹਿਤ ‘ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ’ ਅਧੀਨ ਕਾਮਿਆਂ ਦਾ ਟੀਚਾ ਮੌਜੂਦਾ 80,000 ਤੋਂ ਘਟਾ ਕੇ ਲਗਭਗ 40,000 ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਹੀ ਮਾਲਕ ਨਾਲ ਬੱਝੇ ਪਰਮਿਟਾਂ ਦੀ ਬਜਾਏ ਖੇਤਰੀ ਜਾਂ ਖੇਤਰ-ਵਿਸ਼ੇਸ਼ ਵਰਕ ਪਰਮਿਟ ਦਿੱਤੇ ਜਾਣਗੇ ਅਤੇ ਖੇਤੀਬਾੜੀ ਖੇਤਰ ਦੀ ਵਿਦੇਸ਼ੀ ਕਾਮਿਆਂ ‘ਤੇ ਨਿਰਭਰਤਾ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰਸਤਾਵਿਤ ਟੀਚਾ ਮੌਜੂਦਾ 1,20,000 ਤੋਂ ਘਟਾ ਕੇ ਲਗਭਗ 50,000 ਕੀਤਾ ਜਾਵੇਗਾ। ਪਾਰਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸਬੰਧਤ ਯੂਨੀਵਰਸਿਟੀ ਫੰਡਿੰਗ ਵਿਚ ਬਦਲਾਅ ਅਤੇ ਫ੍ਰੈਂਚ-ਭਾਸ਼ੀ ਅਦਾਰਿਆਂ ਲਈ ਵੱਧ ਸਹਾਇਤਾ ਦਾ ਵੀ ਪ੍ਰਸਤਾਵ ਦਿੱਤਾ ਹੈ। ਨਵੀਂ ਸਰਕਾਰ ਨੇ ਸਾਲਾਨਾ ਪੱਕੀ ਇਮੀਗ੍ਰੇਸ਼ਨ ਦਾ ਟੀਚਾ ਮੌਜੂਦਾ 45,000 ਤੋਂ ਘਟਾ ਕੇ ਲਗਭਗ 35,000 ਕਰਨ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਨੇ ਕਿਊਬੈਕ ਤੋਂ ਬਾਹਰੋਂ ਸਿੱਧੀ ਪੱਕੀ ਆਰਥਿਕ ਇਮੀਗ੍ਰੇਸ਼ਨ ‘ਤੇ ਰੋਕ ਲਗਾਉਣ ਦੀ ਤਜਵੀਜ਼ ਦਿੱਤੀ ਹੈ, ਜਿਸ ਤਹਿਤ ਸੂਬੇ ਵਿਚ ਪਹਿਲਾਂ ਤੋਂ ਰਹਿ ਰਹੇ ਅਸਥਾਈ ਨਿਵਾਸੀਆਂ ਵਿਚੋਂ ਹੀ ਆਰਥਿਕ ਇਮੀਗ੍ਰੈਂਟਸ ਦੀ ਚੋਣ ਕੀਤੀ ਜਾਵੇਗੀ। ਇਸ ਨਾਲ ਵਿਦੇਸ਼ਾਂ ਤੋਂ ਸਿੱਧਾ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ, ਜਦੋਂ ਕਿ ਕਿਊਬੈਕ ਵਿਚ ਪਹਿਲਾਂ ਤੋਂ ਰਹਿ ਰਹੇ ਉਮੀਦਵਾਰਾਂ ਨੂੰ ਪਹਿਲ ਮਿਲੇਗੀ।