ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਰਾਜ ਵਿਚ 52 ਸਾਲਾ ਪਾਕਿਸਤਾਨੀ ਨਾਗਰਿਕ ਨੂੰ ਧੋਖਾਧੜੀ ਦੀ ਸਾਜਿਸ਼ ਵਿਚ ਸ਼ਾਮਲ ਹੋਣ ਕਾਰਨ 14 ਸਾਲ (168 ਮਹੀਨੇ) ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਇਹ ਸਜ਼ਾ ਇੱਕ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਕਰਨ ਅਤੇ ਲੱਖਾਂ ਡਾਲਰ ਦੇ ਸੋਨੇ ਦੀਆਂ ਇੱਟਾਂ ਤੇ ਨਕਦੀ ਠੱਗਣ ਦੇ ਮਾਮਲੇ ਵਿਚ ਸੁਣਾਈ ਗਈ। ਅਦਾਲਤ ਨੇ ਉਸ ਨੂੰ ਪੀੜਤ ਨੂੰ 8,86,799.84 ਡਾਲਰ (ਲਗਭਗ 8.86 ਲੱਖ ਡਾਲਰ) ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ।
ਜਾਰਜੀਆ ਦੇ ਡਿਕੇਟਰ ਦੇ ਰਹਿਣ ਵਾਲੇ ਦੋਸ਼ੀ ਜਾਵੇਦ ਆਸ਼ਿਕ ਨੇ ਫੈਡਰਲ ਅਦਾਲਤ ਵਿਚ ਵਾਇਰ ਫਰਾਡ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕੀਤਾ ਸੀ। ਅਮਰੀਕੀ ਜ਼ਿਲ੍ਹਾ ਜੱਜ ਡਡਲੀ ਐੱਚ. ਬੋਵਨ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਤਿੰਨ ਸਾਲਾਂ ਦੀ ਨਿਗਰਾਨੀ ਹੇਠ ਰਿਹਾਈ ਦੀ ਸਜ਼ਾ ਵੀ ਲਗਾਈ। ਫੈਡਰਲ ਸਰਕਾਰੀ ਵਕੀਲਾਂ ਅਨੁਸਾਰ ਸਜ਼ਾ ਪੂਰੀ ਕਰਨ ਤੋਂ ਬਾਅਦ ਜਾਵੇਦ ਆਸ਼ਿਕ ਨੂੰ ਦੇਸ਼ ਨਿਕਾਲਾ ਦੇ ਕੇ ਪਾਕਿਸਤਾਨ ਭੇਜ ਦਿੱਤਾ ਜਾਵੇਗਾ। ਫੈਡਰਲ ਜੇਲ੍ਹ ਪ੍ਰਣਾਲੀ ਵਿਚ ਪੈਰੋਲ ਦੀ ਕੋਈ ਵਿਵਸਥਾ ਨਹੀਂ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਾਵੇਦ ਆਸ਼ਿਕ ਨੇ ਜੁਲਾਈ ਅਤੇ ਅਗਸਤ 2024 ਦਰਮਿਆਨ ਇੱਕ ਅਪਰਾਧਿਕ ਗਿਰੋਹ ਲਈ ਕੂਰੀਅਰ ਵਜੋਂ ਕੰਮ ਕੀਤਾ। ਇਸ ਗਿਰੋਹ ਦੇ ਮੈਂਬਰਾਂ ਨੇ ਅਮਰੀਕੀ ਸਰਕਾਰੀ ਏਜੰਸੀ ‘ਫੈਡਰਲ ਟਰੇਡ ਕਮਿਸ਼ਨ’ (ਐੱਫ.ਟੀ.ਸੀ.) ਦੇ ਅਧਿਕਾਰੀ ਬਣ ਕੇ ਬਜ਼ੁਰਗ ਪੀੜਤ ਨੂੰ ਗੁੰਮਰਾਹ ਕੀਤਾ ਕਿ ਉਸ ਦੀ ਪਛਾਣ ਚੋਰੀ ਹੋ ਚੁੱਕੀ ਹੈ ਅਤੇ ਉਸ ਦੀ ਵਰਤੋਂ ਗੈਰ-ਕਾਨੂੰਨੀ ਕੰਮਾਂ ਲਈ ਕੀਤੀ ਜਾ ਰਹੀ ਹੈ। ਠੱਗਾਂ ਨੇ ਪੀੜਤ ਨੂੰ ਉਸ ਦੀ ਜਾਇਦਾਦ ਸੁਰੱਖਿਅਤ ਰੱਖਣ ਦਾ ਝਾਂਸਾ ਦੇ ਕੇ ਕ੍ਰਿਪਟੋਕਰੰਸੀ ਅਤੇ ਸੋਨਾ ਖਰੀਦਣ ਲਈ ਰਾਜ਼ੀ ਕੀਤਾ। ਜਦੋਂ ਪੀੜਤ ਨੇ ਖਰੀਦਦਾਰੀ ਕੀਤੀ, ਤਾਂ ਆਸ਼ਿਕ ਨੇ ਉਸ ਤੋਂ ਸੋਨੇ ਦੀਆਂ ਇੱਟਾਂ ਅਤੇ ਨਕਦੀ ਇਕੱਠੀ ਕਰ ਕੇ ਆਪਣੇ ਸਾਥੀਆਂ ਤੱਕ ਪਹੁੰਚਾਈ।
ਅਮਰੀਕੀ ਅਟਾਰਨੀ ਮਾਰਗਰੇਟ ਈ. ‘ਮੈਗ’ ਹੀਪ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਠੱਗ ਬਜ਼ੁਰਗ ਨਾਗਰਿਕਾਂ ਦਾ ਸ਼ੋਸ਼ਣ ਕਰਨ ਲਈ ਉਨ੍ਹਾਂ ਏਜੰਸੀਆਂ ਦਾ ਰੂਪ ਧਾਰਦੇ ਹਨ, ਜੋ ਉਨ੍ਹਾਂ ਦੀ ਸੁਰੱਖਿਆ ਲਈ ਬਣੀਆਂ ਹਨ। ਐੱਫ.ਬੀ.ਆਈ. ਦੇ ਅਟਲਾਂਟਾ ਦਫ਼ਤਰ ਦੇ ਸੁਪਰਵਾਈਜ਼ਰੀ ਸੀਨੀਅਰ ਰੈਜ਼ੀਡੈਂਟ ਏਜੰਟ ਮੈਥਿਊ ਪਲੋਸਕੁਨੈਕ ਨੇ ਕਿਹਾ ਕਿ ਧੋਖਾਧੜੀ ਅਤੇ ਝੂਠੇ ਬਹਾਨਿਆਂ ਰਾਹੀਂ ਬਜ਼ੁਰਗ ਪੀੜਤ ਦੀ ਉਮਰ ਭਰ ਦੀ ਕਮਾਈ ਠੱਗਣਾ ਇੱਕ ਬੇਹੱਦ ਨਿੰਦਣਯੋਗ ਅਪਰਾਧ ਹੈ।
ਅਮਰੀਕਾ ‘ਚ ਧੋਖਾਧੜੀ ‘ਚ ਸ਼ਾਮਲ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

