ਲੁਧਿਆਣਾ, 4 ਅਕਤੂਬਰ (ਪੰਜਾਬ ਮੇਲ)- ਲਾਢੋਵਾਲ ਇਲਾਕੇ ਦੇ ਸਾਊਥ ਸਿਟੀ ਰੋਡ ’ਤੇ ਸ਼ਨੀਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਮਾਨੇਵਾਲ ਪਿੰਡ ਦੇ ਸਾਬਕਾ ਸਰਪੰਚ ਨਵਜੀਤ ਸਿੰਘ ਨੀਟੂ (55) ਦਾ ਗੋਲੀਆਂ ਮਾਰ ਕੇ ਬੇਰਹਮੀ ਨਾਲ ਕਤਲ ਕਰ ਦਿੱਤਾ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਨੀਟੂ ਜਦੋਂ ਆਪਣੇ ਖੇਤਾਂ ਵੱਲ ਜਾ ਰਹੇ ਸਨ, ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਕਈ ਗੋਲੀਆਂ ਲੱਗਣ ਕਾਰਨ ਨੀਟੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਸ਼ਰੇਆਮ ਹੋਈ ਇਸ ਫਾਇਰਿੰਗ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਘਟਨਾ ਸਥਾਨ ਤੋਂ ਗੋਲੀਆਂ ਦੇ ਚਾਰ ਖੋਲ ਵੀ ਬਰਾਮਦ ਹੋਏ ਹਨ।
ਏ.ਸੀ.ਪੀ. (ਵੇਸਟ) ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਨਾਮਜ਼ਦ ਅਤੇ ਛੇ ਅਣਪਛਾਤੇ ਵਿਅਕਤੀਆਂ ਸਮੇਤ ਕੁੱਲ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਖੰਗਾਲ ਰਹੀ ਹੈ ਤਾਂ ਜੋ ਬਾਕੀ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਪੂਰੀ ਘਟਨਾ ਦੀ ਲੜੀ ਨੂੰ ਜੋੜਿਆ ਜਾ ਸਕੇ।
ਲਾਢੋਵਾਲ ਦੇ ਥਾਣਾ ਮੁਖੀ (ਐੱਸ.ਐੱਚ.ਓ.) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਐੱਫ.ਆਈ.ਆਰ. ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਮਾਨੇਵਾਲ ਪਿੰਡ ਵਿੱਚ ਨੀਟੂ ਅਤੇ ਉਸ ਦੇ ਹਿੱਸੇਦਾਰ ਵਿਚਕਾਰ ਚੱਲ ਰਹੇ ਇੱਕ ਜ਼ਮੀਨੀ ਵਿਵਾਦ ਦੀ ਗੱਲ ਸਾਹਮਣੇ ਆਈ ਹੈ।
ਪੁਲੀਸ ਜ਼ਮੀਨੀ ਰੰਜਿਸ਼ ਸਮੇਤ ਕਤਲ ਦੇ ਹੋਰ ਸੰਭਾਵੀ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

