#CANADA

ਓਨਟਾਰੀਓ ‘ਚ ਸਿੱਖ ਮਹਿਲਾ ਦੀ ਮੌਤ ਦੇ ਮਾਮਲੇ ‘ਚ ਪਤੀ ਗ੍ਰਿਫਤਾਰ!

-ਸੈਕੰਡ-ਡਿਗਰੀ ਕਤਲ ਦਾ ਲੱਗੇ ਦੋਸ਼
ਓਨਟਾਰੀਓ, 30 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿਚ 30 ਸਾਲਾ ਇੱਕ ਸਿੱਖ ਮਹਿਲਾ ਦੀ ਗੰਭੀਰ ਸੱਟਾਂ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿਚ ਮਹਿਲਾ ਦੇ 41 ਸਾਲਾ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸੈਕੰਡ-ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਫੈਮੀਸਾਈਡ ਵਜੋਂ ਕਰ ਰਹੀ ਹੈ ਅਤੇ ਦੰਪਤੀ ਦੇ ਰਿਸ਼ਤੇ ਨਾਲ ਜੁੜੇ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਘਟਨਾ ਦੱਖਣ-ਪੂਰਬੀ ਲੰਡਨ ਦੇ ਚੇਲਟਨ ਰੋਡ ਸਥਿਤ ਇੱਕ ਘਰ ਵਿਚ ਵਾਪਰੀ। ਮ੍ਰਿਤਕਾ ਦੀ ਪਛਾਣ ਰਮਨ ਦੇਵੀ ਵਜੋਂ ਹੋਈ ਹੈ। ਉਨ੍ਹਾਂ ਨੂੰ ਜਾਨਲੇਵਾ ਸੱਟਾਂ ਲੱਗਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ 15 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਸਮੇਂ ਘਰ ਵਿਚ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ, ਪਰ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਰਮਨ ਦੇਵੀ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਦੋਸਤ ਅਤੇ ਗੁਆਂਢਣ ਸੈਂਡਰਾ ਸਾਂਚੇਜ਼ ਮੁਤਾਬਕ ਰਮਨ ਚਾਰ ਸਾਲਾ ਪੁੱਤਰ ਅਤੇ ਸੱਤ ਸਾਲਾ ਧੀ ਦੀ ਮਾਂ ਸੀ। ਬੱਚਿਆਂ ਦੀ ਦੇਖਭਾਲ ਵਿਚ ਮਦਦ ਲਈ ਰਮਨ ਦੀ ਮਾਂ ਭਾਰਤ ਤੋਂ ਕੈਨੇਡਾ ਆਈ ਹੋਈ ਸੀ।
ਕੈਨੇਡਾ ਦੇ ਅਪਰਾਧਿਕ ਕਾਨੂੰਨ ਵਿਚ ਇਸ ਸਾਲ ਮਹਿਲਾਵਾਂ ਦੀ ਹੱਤਿਆ ਨਾਲ ਸਬੰਧਤ ਕੁਝ ਪ੍ਰਬੰਧਾਂ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਜ਼ਬਰਦਸਤੀ ਜਾਂ ਕੰਟਰੋਲ ਕਰਨ ਵਾਲੇ ਵਿਹਾਰ ਦੇ ਪੈਟਰਨ ਨਾਲ ਜੁੜੇ ਮਾਮਲਿਆਂ ਵਿਚ ਨਜ਼ਦੀਕੀ ਸਾਥੀ ਵੱਲੋਂ ਕੀਤੀ ਹੱਤਿਆ ਨੂੰ ਫਰਸਟ-ਡਿਗਰੀ ਮਰਡਰ ਦੇ ਦਾਇਰੇ ਵਿਚ ਲਿਆਉਣ ਦੀ ਵਿਵਸਥਾ ਵੀ ਸ਼ਾਮਲ ਹੈ। ਹਾਲਾਂਕਿ, ਇਸ ਮਾਮਲੇ ਵਿਚ ਪੁਲਿਸ ਨੇ ਮਨਦੀਪ ਸਿੰਘ ਖ਼ਿਲਾਫ਼ ਸੈਕੰਡ-ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਦੰਪਤੀ ਦੇ ਰਿਸ਼ਤੇ ਦੇ ਪਿਛੋਕੜ ਸਮੇਤ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।