#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗਿਦੜਬਾਹਾ ‘ਚ ਇਕਾਈ ਸਥਾਪਤ

-ਬਹੁਤ ਜਲਦ ਗਿਦੜਬਾਹਾ ਵਿਚ ਖੁੱਲ੍ਹੇਗੀ ਬਹੁਤ ਹੀ ਘੱਟ ਰੇਟ ‘ਤੇ ਕਲੀਨਿਕਲ ਲੈਬ
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੇ ਮੱਦੇਨਜ਼ਰ ਗਿਦੜਬਾਹਾ ਸ਼ਹਿਰ ਦੇ ਕੁੱਝ ਵਲੰਟੀਅਰਜ਼ ਵੱਲੋਂ ਆਪਣੇ ਆਪ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ਼ ਜੁੜ ਕੇ ਸੇਵਾ ਕਰਨ ਲਈ ਬੇਨਤੀ ਕੀਤੀ ਗਈ ਸੀ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਿਦੜਬਾਹਾ ਵਿਖੇ ਚਾਹਵਾਨ ਵਲੰਟੀਅਰਜ਼ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਦੀ ਆਪਸੀ ਰਜ਼ਾਮੰਦੀ ਨਾਲ ਇੱਕ ਇਕਾਈ ਗਠਿਤ ਕੀਤੀ ਗਈ ਹੈ, ਜਿਸ ਵਿਚ ਸ਼੍ਰੀ ਅਸ਼ੋਕ ਕੁਮਾਰ ਨੂੰ ਪ੍ਰਧਾਨ, ਸ਼੍ਰੀ ਰਤਨ ਪੋਪਲੀ ਨੂੰ ਸਕੱਤਰ, ਸ਼੍ਰੀ ਕਪਿਲ ਗੁਪਤਾ ਨੂੰ ਕੈਸ਼ੀਅਰ ਅਤੇ ਸ਼੍ਰੀ ਕ੍ਰਿਸ਼ਨ ਲਾਲ ਨੂੰ ਪ੍ਰੋਜੈਕਟ ਚੇਅਰਮੈਨ ਚੁਣਿਆ ਗਿਆ। ਨਿਯੁਕਤੀ ਉਪਰੰਤ ਇਨ੍ਹਾਂ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਦਾ ਪ੍ਰਣ ਲਿਆ। ਇਸ ਉਪਰੰਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦਾ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਅਤੇ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਵਾਅਦਾ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗਿਦੜਬਾਹਾ ਫੇਰੀ ਦੌਰਾਨ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਬਹੁਤ ਹੀ ਘੱਟ ਰੇਟ ‘ਤੇ ਕਲੀਨਿਕਲ ਲੈਬ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਬਹੁਤ ਹੀ ਜਲਦੀ ਇਸ ਨੂੰ ਖੋਲ੍ਹਿਆ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਰਿਟਾ. ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਗੁਰਪਾਲ ਸਿੰਘ ਪਾਲੀ ਕੈਸ਼ੀਅਰ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ. ਪ੍ਰੋਜੈਕਟ ਚੇਅਰਮੈਨ ਅਤੇ ਗਿਦੜਬਾਹਾ ਨਿਵਾਸੀ ਹਾਜ਼ਰ ਸਨ।