#world

ਪਾਕਿਸਤਾਨ ਦੀ ਇੱਕ ਮਸਜਿਦ ‘ਚ ਆਤਮਘਾਤੀ ਧਮਾਕਾ; 16 ਲੋਕਾਂ ਦੀ ਮੌਤ

ਜ਼ਖਮੀਆਂ ਨੂੰ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ
ਪੇਸ਼ਾਵਰ, 18 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਕੋਹਾਟ ਜ਼ਿਲ੍ਹੇ ਵਿਚ ਪੁਲਿਸ ਲਾਈਨ ਨੇੜੇ ਸਥਿਤ ਇੱਕ ਮਸਜਿਦ ‘ਚ ਸ਼ੁੱਕਰਵਾਰ (ਜੁਮੇ) ਦੀ ਨਮਾਜ਼ ਦੌਰਾਨ ਹੋਏ ਆਤਮਘਾਤੀ ਧਮਾਕੇ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ਤੋਂ ਲਗਪਗ 60 ਕਿਲੋਮੀਟਰ ਦੱਖਣ-ਪੱਛਮ ਵੱਲ ਕੋਹਾਟ ਜ਼ਿਲ੍ਹੇ ਵਿਚ ਸਥਿਤ ਪੁਰਾਣੀ ਪੁਲਿਸ ਲਾਈਨ ਦੇ ਨੇੜੇ ਬਣੀ ਮਸਜਿਦ ਵਿਚ ਹੋਇਆ। ਸੂਬਾਈ ਪੁਲਿਸ ਮੁਖੀ ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਕੋਹਾਟ ਪੁਲਿਸ ਲਾਈਨ ਦੀ ਮਸਜਿਦ ਵਿਚ ਜੁਮੇ ਦੀ ਨਮਾਜ਼ ਦੌਰਾਨ ਹੋਏ ਆਤਮਘਾਤੀ ਧਮਾਕੇ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਪੰਜ ਪੁਲਿਸ ਮੁਲਾਜ਼ਮ ਅਤੇ 11 ਆਮ ਨਾਗਰਿਕ ਸ਼ਾਮਲ ਹਨ।
ਨਿਊਜ਼ ਚੈਨਲ ‘ਜੀਓ ਨਿਊਜ਼’ ਨੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਐੱਮ.ਐੱਸ. ਤਾਹਿਰ ਅਲੀ ਸ਼ਾਹ ਦੇ ਹਵਾਲੇ ਨਾਲ ਆਪਣੀ ਖ਼ਬਰ ਵਿੱਚ ਦੱਸਿਆ ਕਿ ਧਮਾਕੇ ਤੋਂ ਬਾਅਦ ਹਸਪਤਾਲ ਵਿਚ 15 ਲਾਸ਼ਾਂ ਲਿਆਂਦੀਆਂ ਗਈਆਂ, ਜਦਕਿ 50 ਤੋਂ ਵੱਧ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਜ਼ਿਆਦਾਤਰ ਨਮਾਜ਼ੀ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਮਸਜਿਦ ਦੇ ਬਾਹਰ ਟੋਆ ਪੈ ਗਿਆ।
‘ਰੈਸਕਿਊ 1122 ਖ਼ੈਬਰ ਪਖ਼ਤੂਨਖ਼ਵਾ’ ਦੇ ਬੁਲਾਰੇ ਬਿਲਾਲ ਅਹਿਮਦ ਫ਼ੈਜ਼ੀ ਮੁਤਾਬਕ, ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬਚਾਅ ਟੀਮਾਂ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਵਿਚੋਂ ਕਈ ਲੋਕਾਂ ਨੂੰ ਮੁੱਢਲੇ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਲਿਜਾਇਆ ਗਿਆ। ਬੁਲਾਰੇ ਨੇ ਕਿਹਾ ਕਿ ਬਚਾਅ ਟੀਮਾਂ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ।