#AUSTRALIA

ਆਸਟ੍ਰੇਲੀਆ ਵੱਲੋਂ ਪਰਵਾਸ ਨੀਤੀਆਂ ‘ਚ ਬਦਲਾਅ ਕਰਨ ਦਾ ਐਲਾਨ

-ਪਰਵਾਸੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਸੱਦਣ ‘ਤੇ ਰੋਕ ਲਗਾਉਣ ਦੀ ਤਿਆਰੀ
-ਸਰਕਾਰ ਵੱਲੋਂ ਪਾਰਟਨਰ ਵੀਜ਼ਾ ਨਿਯਮ ਸਖ਼ਤ ਕਰਨ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕਰਨ ਦੀ ਯੋਜਨਾ
ਸਿਡਨੀ, 17 ਸਤੰਬਰ (ਪੰਜਾਬ ਮੇਲ)-  ਪਰਵਾਸੀਆਂ ਦੀ ਆਮਦ ਬਾਰੇ ਢਿੱਲ ਦੇਣ ‘ਤੇ ਘਿਰੀ ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਆਪਣਾ ਬਚਾਅ ਕਰਦਿਆਂ ਪਰਵਾਸ ਦੀਆਂ ਕੁਝ ਨੀਤੀਆਂ ਵਿਚ ਸਖ਼ਤੀ ਕੀਤੀ ਹੈ। ਸਰਕਾਰ ਨੇ ਪਰਵਾਸ ਪ੍ਰੋਗਰਾਮ ਵਿਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਨੈਸ਼ਨਲ ਪ੍ਰੈੱਸ ਕਲੱਬ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਵੀਜ਼ਾ ਪ੍ਰਣਾਲੀ ਦੀਆਂ ਉਨ੍ਹਾਂ ਕਮੀਆਂ ਨੂੰ ਬੰਦ ਕਰੇਗੀ, ਜਿਨ੍ਹਾਂ ਰਾਹੀਂ ਲੋਕ ਆਪਣੀ ਵੀਜ਼ਾ ਸਥਿਤੀ ਬਦਲਣ ਲਈ ਘੱਟ ਪੱਧਰ ਦੇ ਕੋਰਸਾਂ ਜਾਂ ਡਿਗਰੀਆਂ ਵੱਲ ਜਾ ਸਕਦੇ ਹਨ। ਪਾਰਟਨਰ / ਸਪਾਊਸ ਵੀਜ਼ਾ ਪ੍ਰਬੰਧ ਦੀਆਂ ਕਮੀਆਂ ਨੂੰ ਵੀ ਬੰਦ ਕਰਨ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕਰਨ ਦੀ ਯੋਜਨਾ ਹੈ।
ਇਸੇ ਦੌਰਾਨ ਸਰਕਾਰ ਨਿਰਮਾਣ ਖੇਤਰ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਨੂੰ ਸਥਾਈ ਅਤੇ ਆਰਜ਼ੀ ਦੋਵੇਂ ਪਰਵਾਸ ਪ੍ਰੋਗਰਾਮਾਂ ਵਿਚ ਵਧੇਰੇ ਤਰਜੀਹ ਦੇਣ ਦੀ ਗੱਲ ਕਰ ਰਹੀ ਹੈ। ਮੰਤਰੀ ਬਰਕ ਅਨੁਸਾਰ ਇਸ ਦਾ ਇੱਕ ਉਦੇਸ਼ ਘਰਾਂ ਦੀ ਉਸਾਰੀ ਲਈ ਲੋੜੀਂਦੀ ਮਜ਼ਦੂਰੀ ਅਤੇ ਹੁਨਰ ਉਪਲੱਬਧ ਕਰਵਾਉਣਾ ਹੈ, ਜਿਸ ਨਾਲ ਰਿਹਾਇਸ਼ੀ ਸਪਲਾਈ ਵਧ ਸਕਦੀ ਹੈ ਅਤੇ ਕਿਰਾਏ ‘ਤੇ ਹੇਠਾਂ ਵੱਲ ਦਬਾਅ ਪੈ ਸਕਦਾ ਹੈ।
ਇਨ੍ਹਾਂ ਐਲਾਨਾਂ ਦੇ ਨਾਲ ਹੀ ਅੱਜ ਜਾਰੀ ਬਿਊਰੋ ਦੇ ਅੰਕੜੇ ਵੀ ਧਿਆਨ ਖਿੱਚਦੇ ਹਨ। ਮਾਰਚ ਤਿਮਾਹੀ ਵਿਚ ਸ਼ੁੱਧ ਵਿਦੇਸ਼ੀ ਪਰਵਾਸ 101,005 ਰਿਹਾ, ਜੋ ਸਾਲ 2025 ਦੀ ਇਸੇ ਮਿਆਦ ਨਾਲੋਂ 6 ਫ਼ੀਸਦੀ ਘੱਟ ਹੈ। ਸਾਲਾਨਾ ਆਧਾਰ ‘ਤੇ ਇਹ ਅੰਕੜਾ 292,100 ਰਿਹਾ, ਜੋ ਸਾਲ 2022 ਦੇ ਮੱਧ ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਅਰਥਵਿਵਸਥਾ ਦੀਆਂ ਲੋੜਾਂ ਅਤੇ ਪਰਵਾਸ ਪ੍ਰੋਗਰਾਮ ਵਿਚਕਾਰ ਸੰਤੁਲਨ ਬਣਾਉਣਾ ਹੈ।