ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਉਪਰੰਤ ਆਈ.ਜੀ.ਆਈ. ਹਵਾਈ ਅੱਡੇ, ਨਵੀਂ ਦਿੱਲੀ ਤੋਂ ਹਿਰਾਸਤ ਵਿਚ ਲਿਆ ਹੈ।
ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਕਰਾਰ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਕਰਮਵੀਰ ਸਿੰਘ ਨੇ ਅਮਰੀਕਾ ਵਿਚ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਲੁਕਣ ਲਈ ਟਿਕਾਣਾ ਮੁਹੱਈਆ ਕਰਵਾਇਆ ਸੀ। ਉਹ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ, ਐੱਸ.ਏ.ਐੱਸ. ਨਗਰ ਵਿਖੇ ਆਈ.ਪੀ.ਸੀ., ਅਸਲਾ ਐਕਟ ਅਤੇ ਪਾਸਪੋਰਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਐੱਫ.ਆਈ.ਆਰ. ਵਿਚ ਲੋੜੀਂਦਾ ਸੀ। ਏ.ਜੀ.ਟੀ.ਐਫ. ਪੰਜਾਬ ਵੱਲੋਂ 03.09.2026 ਨੂੰ ਉਸ ਵਿਰੁੱਧ ‘ਲੁੱਕ ਆਊਟ ਸਰਕੂਲਰ’ (ਐੱਲ.ਓ.ਸੀ.) ਜਾਰੀ ਕੀਤਾ ਗਿਆ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਰਿਹਾ ਹੈ, ਜਿਸ ਵਿਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ, ਅਸਲਾ ਐਕਟ ਦੀ ਉਲੰਘਣਾ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਉਸ ਦੇ ਵਿਆਪਕ ਅਪਰਾਧਿਕ ਨੈੱਟਵਰਕ ਅਤੇ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਗੈਂਗਸਟਰ ਨੈੱਟਵਰਕਾਂ ਨੂੰ ਤੋੜਨ ਅਤੇ ਲੋੜੀਂਦੇ ਅਪਰਾਧੀਆਂ ਨੂੰ, ਭਾਵੇਂ ਉਹ ਕਿਤੇ ਵੀ ਸਰਗਰਮ ਹੋਣ, ਕਾਨੂੰਨ ਦੇ ਕਟਹਿਰੇ ‘ਚ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕੈਨੇਡਾ ਤੋਂ ਡਿਪੋਰਟ ਲਾਰੈਂਸ ਬਿਸ਼ਨੋਈ ਦਾ ਕਰੀਬੀ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ

