#AMERICA

ਸੈਕਰਾਮੈਂਟੋ ਦੇ ਇਮੀਗ੍ਰੇਸ਼ਨ ਕਾਨੂੰਨੀ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼, ਹਥਿਆਰਬੰਦ ਵਿਅਕਤੀਆਂ ਨੇ ਖ਼ੁਦ ਨੂੰ ਆਈਸ ਅਧਿਕਾਰੀ ਦੱਸਿਆ

ਸੈਕਰਾਮੈਂਟੋ, 15 ਅਗਸਤ (ਪੰਜਾਬ ਮੇਲ)- ਸੈਕਰਾਮੈਂਟੋ ਇਲਾਕੇ ਵਿੱਚ ਸਥਿਤ ਇੱਕ ਇਮੀਗ੍ਰੇਸ਼ਨ ਕਾਨੂੰਨੀ ਦਫ਼ਤਰ ਵਿੱਚ ਸ਼ੁੱਕਰਵਾਰ ਸਵੇਰੇ ਕਈ ਹਥਿਆਰਬੰਦ ਵਿਅਕਤੀਆਂ ਨੇ ਦਾਖ਼ਲ ਹੋ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ। ਇਮਾਰਤ ਵਿੱਚ ਕੰਮ ਕਰਦੇ ਕਰਮਚਾਰੀਆਂ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਖ਼ੁਦ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ, ਯਾਨੀ ਆਈਸ ਦੇ ਅਧਿਕਾਰੀ ਦੱਸਿਆ। ਹਾਲਾਂਕਿ ਉਹ ਤਲਾਸ਼ੀ ਲਈ ਕੋਈ ਅਦਾਲਤੀ ਵਾਰੰਟ ਪੇਸ਼ ਨਹੀਂ ਕਰ ਸਕੇ ਅਤੇ ਇਸ ਲਈ ਉਨ੍ਹਾਂ ਨੂੰ ਦਫ਼ਤਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਦੱਸਿਆ ਗਿਆ ਹੈ ਕਿ ਇਹ ਵਿਅਕਤੀ ਘੱਟੋ-ਘੱਟ ਚਾਰ ਬਿਨਾਂ ਸਰਕਾਰੀ ਨਿਸ਼ਾਨ ਵਾਲੀਆਂ ਕਾਲੀਆਂ ਗੱਡੀਆਂ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵਾਸ਼ਿੰਗਟਨ ਤੋਂ ਇੱਕ ਸੂਚੀ ਮਿਲੀ ਹੈ, ਜਿਸ ਵਿੱਚ ਕਈ ਲੋਕਾਂ ਵੱਲੋਂ ਇਸ ਇਮਾਰਤ ਦਾ ਪਤਾ ਮੁੱਖ ਡਾਕ ਪਤੇ ਵਜੋਂ ਵਰਤਿਆ ਗਿਆ ਹੈ। ਉਨ੍ਹਾਂ ਨੇ ਦਫ਼ਤਰ ਅੰਦਰ ਜਾ ਕੇ ਇਹ ਦੇਖਣ ਦੀ ਮੰਗ ਕੀਤੀ ਕਿ ਉੱਥੇ ਲੋਕਾਂ ਦੇ ਰਹਿਣ ਲਈ ਬਿਸਤਰੇ ਤਾਂ ਨਹੀਂ ਲਗਾਏ ਗਏ।

ਲਾਅ ਗਰੁੱਪ ਦੀ ਮਾਲਕ ਨੂੰ ਸਵੇਰੇ 9 ਵੱਜ ਕੇ 16 ਮਿੰਟ ’ਤੇ ਇੱਕ ਕਰਮਚਾਰੀ ਦਾ ਸੁਨੇਹਾ ਮਿਲਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਦਫ਼ਤਰ ਪਹੁੰਚੇ ਹੋਏ ਹਨ। ਕਰਮਚਾਰੀ ਅਨੁਸਾਰ ਇੱਕ ਹਥਿਆਰਬੰਦ ਵਿਅਕਤੀ, ਜਿਸ ਨੇ ਆਈਸ ਦਾ ਬੈਜ ਲਗਾਇਆ ਹੋਇਆ ਸੀ, ਦਫ਼ਤਰ ਦੀ ਮੁੱਖ ਬੈਠਕ ਵਿੱਚ ਦਾਖ਼ਲ ਹੋਇਆ ਅਤੇ ਪ੍ਰਬੰਧਕ ਨਾਲ ਗੱਲ ਕਰਨ ਦੀ ਮੰਗ ਕੀਤੀ।

ਲਾਅ ਗਰੁੱਪ ਦੀ ਮਾਲਕ ਨੇ ਆਪਣੇ ਕਰਮਚਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਬਿਨਾਂ ਵਾਰੰਟ ਕਿਸੇ ਨੂੰ ਵੀ ਦਫ਼ਤਰ ਦੀ ਤਲਾਸ਼ੀ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਮੁਤਾਬਕ ਇੱਕ ਵਿਅਕਤੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਗਲੇ ਹੁਕਮ ਮਿਲੇ ਤਾਂ ਉਹ ਤੜਕੇ ਤਿੰਨ ਵਜੇ ਵਾਪਸ ਆ ਕੇ ਖਿੜਕੀਆਂ ਤੋੜ ਕੇ ਅੰਦਰ ਦਾਖ਼ਲ ਹੋ ਸਕਦੇ ਹਨ।
ATTORNEY ਨੇ ਦੱਸਿਆ ਕਿ ਇਮੀਗ੍ਰੇਸ਼ਨ ਵਕੀਲਾਂ ਦੇ ਗਾਹਕ, ਖ਼ਾਸ ਕਰਕੇ ਅਪਰਾਧਾਂ ਦੇ ਪੀੜਤ, ਅਕਸਰ ਸੁਰੱਖਿਆ ਕਾਰਨਾਂ ਕਰਕੇ ਕਾਨੂੰਨੀ ਦਫ਼ਤਰ ਦਾ ਪਤਾ ਆਪਣੇ ਡਾਕ ਪਤੇ ਵਜੋਂ ਵਰਤਦੇ ਹਨ। ਉਨ੍ਹਾਂ ਦੀ ਸੰਸਥਾ ਦੋ ਹਜ਼ਾਰ ਤੋਂ ਵੱਧ ਗਾਹਕਾਂ ਦੀ ਨੁਮਾਇੰਦਗੀ ਕਰਦੀ ਹੈ। OHNA ਕਿਹਾ ਕਿ ਉਹ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ।

ਇਹ ਵਿਅਕਤੀ ਲਗਭਗ ਇੱਕ ਘੰਟੇ ਤੱਕ ਇਮਾਰਤ ਨੇੜੇ ਰਹੇ। ਬਾਅਦ ਵਿੱਚ ਇਮਾਰਤ ਦੇ ਪ੍ਰਬੰਧਕ ਡੈਨੀਅਲ ਅਜ਼ੁਰਡੂਈ ਨੇ ਉਨ੍ਹਾਂ ਨੂੰ ਕਿਹਾ ਕਿ ਵਾਰੰਟ ਤੋਂ ਬਿਨਾਂ ਉੱਥੇ ਰਹਿਣਾ ਨਾਜਾਇਜ਼ ਦਾਖ਼ਲਾ ਮੰਨਿਆ ਜਾਵੇਗਾ ਅਤੇ ਉਹ ਪੁਲਿਸ ਨੂੰ ਬੁਲਾਉਣਗੇ। ਇਸ ਤੋਂ ਕੁਝ ਸਮੇਂ ਬਾਅਦ ਸਾਰੇ ਵਿਅਕਤੀ ਉੱਥੋਂ ਚਲੇ ਗਏ।

ਆਈਸ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਘਟਨਾ ਜਾਂ ਇਨ੍ਹਾਂ ਵਿਅਕਤੀਆਂ ਦੀ ਪਛਾਣ ਬਾਰੇ ਤੁਰੰਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਕਾਨੂੰਨੀ ਮਾਹਿਰਾਂ ਅਨੁਸਾਰ ਕਿਸੇ ਨਿੱਜੀ ਦਫ਼ਤਰ ਦੀ ਤਲਾਸ਼ੀ ਲਈ ਆਮ ਤੌਰ ’ਤੇ ਕਾਨੂੰਨੀ ਵਾਰੰਟ ਜ਼ਰੂਰੀ ਹੁੰਦਾ ਹੈ।