#CANADA

ਟੋਰਾਂਟੋ, ਕੈਨੇਡਾ ‘ਚ ਜਸਮੇਰ ਢੱਟ ਦੀ ਪੁਸਤਕ ”ਯਾਦਾਂ ਦਾ ਫੁੱਲਦਸਤਾ” ਲੋਕ ਅਰਪਣ

-ਸਤਿੰਦਰ ਪਾਲ ਸਿੰਘ ਸਿੱਧਵਾਂ ਅਤੇ ਡਾ. ਨਿਰਮਲ ਜੌੜਾ ਵੱਲੋਂ ਲੋਕ ਅਰਪਣ
ਟੋਰਾਂਟੋ, 14 ਅਗਸਤ (ਪੰਜਾਬ ਮੇਲ)- ਪਿਛਲੇ ਦਿਨੀਂ ਟੋਰਾਂਟੋ ਵਿਖੇ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਦੀ ਲਿਖੀ ਪੁਸਤਕ ”ਯਾਦਾਂ ਦਾ ਫੁੱਲਦਸਤਾ” ਲੋਕ ਅਰਪਣ ਕੀਤੀ ਗਈ। ਰੇਡੀਓ ਪੰਜਾਬੀ ਲਹਿਰਾਂ ਦੇ ਸੰਸਥਾਪਕ ਅਤੇ ਉੱਘੇ ਬੁਲਾਰੇ ਸ. ਸਤਿੰਦਰ ਪਾਲ ਸਿੰਘ ਸਿੱਧਵਾਂ, ਭਾਰਤ ਤੋਂ ਆਏ ਉੱਘੇ ਰੰਗ ਕਰਮੀ ਡਾ. ਨਿਰਮਲ ਜੌੜਾ ਅਤੇ ਟੋਰਾਂਟੋ ਦੇ ਉੱਘੇ ਕਾਰੋਬਾਰੀ ਦੇਵ ਮਾਂਗਟ ਨੇ ਸਾਂਝੇ ਤੌਰ ‘ਤੇ ਇਹ ਪੁਸਤਕ ਲੋਕ ਅਰਪਣ ਕੀਤੀ। ਇਸ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ. ਸਤਿੰਦਰ ਪਾਲ ਸਿੱਧਵਾਂ ਨੇ ਕਿਹਾ ਕਿ ਜਸਮੇਰ ਢੱਟ ਦੀ ਇਹ ਪੁਸਤਕ ਸੱਭਿਆਚਾਰਕ ਸੁੰਦਰਤਾ ਮੁਕਾਬਲੇ ”ਮਿਸ ਵਰਲਡ ਪੰਜਾਬਣ” ਦੇ ਆਯੋਜਨ ਸਮੇਂ ਦੇ ਕੌੜੇ ਮਿੱਠੇ ਤਜ਼ਰਬਿਆਂ, ਨਾ ਭੁੱਲਣ ਯੋਗ ਯਾਦਾਂ, ਆਪ ਬੀਤੀਆਂ, ਕਹਾਣੀਆਂ, ਗੀਤਾਂ ਅਤੇ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤਾਂ ‘ਤੇ ਆਧਾਰਿਤ ਹੈ ਅਤੇ ਇਹ ਪੁਸਤਕ ਉਨ੍ਹਾਂ ਵੱਲੋਂ ਸੱਭਿਆਚਾਰਕ ਖੇਤਰ ਵਿਚ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ‘ਤੇ ਕੀਤੇ ਕੰਮਾਂ-ਕਾਰਾਂ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ। ਕਿਤਾਬ ਬਾਰੇ ਮੁੱਖ ਸ਼ਬਦ ਬੋਲਦਿਆਂ ਉਘੇ ਰੰਗ ਕਰਮੀ ਅਤੇ ਦੋ ਯੂਨੀਵਰਸਟੀਆਂ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਪਿਛਲੇ 35 ਸਾਲ ਦੀ ਨਿਰੰਤਰ ਸਾਂਝ ਦੇ ਆਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਢੱਟ ਸਾਹਿਬ ਹਮੇਸ਼ਾਂ ਨਵੀਆਂ ਪੈੜਾਂ ਪਾਉਣ ਲਈ ਜਾਣੇ ਜਾਂਦੇ ਹਨ। ਪੁਸਤਕ ਵਿਚਲੀਆਂ ਨਿੱਜੀ ਘਟਨਾਵਾਂ, ਆਪ ਬੀਤੀਆਂ, ਕਹਾਣੀਆਂ, ਗੀਤ ਅਤੇ ਮੁਲਾਕਾਤਾਂ ਬਹੁਤ ਹੀ ਸਲੀਕੇ ਨਾਲ ਲਿਖੀਆਂ ਗਈਆਂ ਹਨ। ਜਸਮੇਰ ਸਿੰਘ ਢੱਟ ਵੱਲੋਂ ਲਿਖੀ ਇਹ ਪੁਸਤਕ ਉਨ੍ਹਾਂ ਦੇ ਜੀਵਨ ਦੀ ਗਾਥਾ ਹੈ, ਜਿਸ ਵਿਚੋਂ ਬਹੁਤ ਸਾਰੇ ਸਬਕ ਵੀ ਮਿਲਦੇ ਹਨ। ਲਿਖਣ ਨਾਲ ਯਾਦਾਂ ਅਤੇ ਭਾਵਨਾਵਾਂ ਸਦੀਵੀ ਬਣ ਜਾਂਦੀਆਂ ਹਨ ਉਨ੍ਹਾਂ ਇਸ ਕਿਤਾਬ ਦੇ ਲਿਖਣ ਅਤੇ ਪ੍ਰਕਾਸ਼ਨ ਲਈ ਮੁਬਾਰਕ ਦਿੱਤੀ। ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਅਤੇ ਪੰਜਾਬੀ ਭਵਨ ਬਰੈਂਪਟਨ ਦੇ ਬਾਨੀ ਡਾ. ਦਲਬੀਰ ਸਿੰਘ ਕਥੂਰੀਆ ਨੇ ਸ. ਜਸਮੇਰ ਸਿੰਘ ਢੱਟ ਵਲੋਂ ਪੰਜਾਬੀ ਬੋਲੀ, ਸੱਭਿਆਚਾਰ ਅਤੇ ਵਿਰਸੇ ਦੇ ਪ੍ਰਚਾਰ ਅਤੇ ਪਾਸਾਰ ਲਈ ਕੀਤੇ ਸਫਲ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਪੰਜਾਬੀ ਮੁਟਿਆਰਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਮਿਸ ਪੰਜਾਬਣ ਮੁਕਾਬਲਿਆਂ ਦੀ ਪਿਰਤ ਪਾਉਣ ਕਰਕੇ ਪੰਜਾਬੀ ਜਗਤ ‘ਚ ਉਨ੍ਹਾਂ ਨੂੰ ਹਮੇਸ਼ਾ ਮਾਣ-ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਉਨ੍ਹਾਂ ਵਲੋਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ‘ਤੇ ਆਧਾਰਿਤ ਇਸ ਪ੍ਰਕਾਸ਼ਿਤ ਪੁਸਤਕ ਦਾ ਸੁਆਗਤ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਾਨ ਗਰੇਵਾਲ, ਹੀਰਾ ਸਿੰਘ ਰੰਧਾਵਾ, ਜਸਬੀਰ ਸਿੰਘ ਭੱਟੀ, ਬਲਜਿੰਦਰ ਲੇਲੇਨਾ, ਬਿੰਦੀ ਭੱਟੀ, ਬੁੱਧ ਸਿੰਘ ਧਾਲੀਵਾਲ ਅਤੇ ਪ੍ਰਦੀਪ ਰਾਮਪੁਰੀ ਆਦਿ ਅਦਬੀ ਸੱਜਣ ਹਾਜ਼ਰ ਸਨ ।