ਨਿਊਯਾਰਕ, 14 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸ਼ਿਕਾਗੋ ਵਿਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਅੰਕੁਰ ਪਟੇਲ ਨਾਮ ਦੇ ਇੱਕ ਗੁਜਰਾਤੀ-ਭਾਰਤੀ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅੰਕੁਰ ਦੀ ਪਤਨੀ ਦੀ ਲਾਸ਼ ਅਲਬਾਨੀ ਪਾਰਕ ਦੇ ਇੱਕ ਅਪਾਰਟਮੈਂਟ ਵਿਚੋਂ ਮਿਲੀ। ਜਦੋਂ ਤੱਕ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ, ਦੋਸ਼ੀ ਉੱਥੋਂ ਭੱਜ ਚੁੱਕਾ ਸੀ, ਹਾਲਾਂਕਿ ਪੁਲਿਸ ਨੇ ਉਸਨੂੰ ਨੌਂ ਘੰਟਿਆਂ ਦੇ ਅੰਦਰ-ਅੰਦਰ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ।
ਸ਼ਿਕਾਗੋ ਪੁਲਿਸ ਨੇ ਅਜੇ ਤੱਕ ਮ੍ਰਿਤਕ ਦਾ ਨਾਮ ਜਾਰੀ ਨਹੀਂ ਕੀਤਾ ਹੈ, ਪਰ ਸੂਤਰਾਂ ਅਨੁਸਾਰ ਅੰਕੁਰ ਪਟੇਲ ਦੀ ਪਤਨੀ ਦਾ ਆਪਣੇ ਤੋਂ ਦਸ ਸਾਲ ਛੋਟੇ ਇੱਕ ਵਿਅਕਤੀ ਦੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਉਹ ਉਸ ਨਾਲ ਭੱਜ ਵੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਅੰਕੁਰ ਪਟੇਲ ਦੀ ਪਤਨੀ, ਜੋ ਕਿ ਆਪਣੇ ਪ੍ਰੇਮੀ ਨਾਲ ਲਗਭਗ ਡੇਢ ਮਹੀਨੇ ਤੋਂ ਰਹਿ ਰਹੀ ਸੀ, ਅੰਕੁਰ ਦੇ ਘਰ ਵਾਪਸ ਆ ਗਈ ਸੀ ਅਤੇ ਆਪਣੀ ਪੰਜ ਸਾਲ ਦੀ ਧੀ ਨੂੰ ਉਹ ਆਪਣੇ ਪਤੀ ਕੋਲ ਛੱਡ ਗਈ ਸੀ। ਘਟਨਾ ਤੋਂ ਜਾਣੂ ਸੂਤਰਾਂ ਅਨੁਸਾਰ ਅੰਕੁਰ ਨੇ ਬੀਤੀ ਰਾਤ ਆਪਣੀ ਪਤਨੀ ਨੂੰ ਘਰ ਬੁਲਾ ਕੇ ਕੁੜੀ ਨੂੰ ਲੈ ਜਾਣ ਲਈ ਕਿਹਾ ਸੀ ਅਤੇ ਮਨਾ ਕਰਨ ‘ਤੇ ਉਸਦੀ ਗਰਦਨ ‘ਤੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਕੁਰ ਨੇ ਆਪਣੀ ਪਤਨੀ ਨੂੰ ਮਾਰਨ ਤੋਂ ਪਹਿਲਾਂ ਆਪਣੀ ਧੀ ਨੂੰ ਭਾਰਤ ਭੇਜਿਆ ਹੋ ਸਕਦਾ ਹੈ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਕਤਲ ਅਲਬਾਨੀ ਪਾਰਕ ਦੇ ਨੌਰਥ ਐਵਰਸ ਐਵੇਨਿਊ ਦੇ 4800 ਬਲਾਕ ਵਿਚ ਇੱਕ ਅਪਾਰਟਮੈਂਟ ਵਿਚ ਕੀਤਾ ਗਿਆ ਸੀ। ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਭੱਜਣ ਵਾਲਾ ਅੰਕੁਰ ਸ਼ਾਇਦ ਭਾਰਤ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਨੂੰ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਨੇ ਫੜ ਲਿਆ ਗਿਆ। ਅੰਕੁਰ, ਜੋ ਇਸ ਸਮੇਂ ਪਹਿਲੇ ਦਰਜੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਨੂੰ ਹਿਰਾਸਤ ‘ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਅੰਕੁਰ ਅਤੇ ਉਸਦੀ ਪਤਨੀ ਅਤੇ ਧੀ ਲਗਭਗ ਤਿੰਨ ਸਾਲ ਪਹਿਲਾਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਗਏ ਸਨ ਅਤੇ ਪਰਿਵਾਰ ਸਿਰਫ਼ ਚਾਰ ਤੋਂ ਪੰਜ ਮਹੀਨੇ ਪਹਿਲਾਂ ਮਿਸ਼ੀਗਨ ਵਿਚ ਰਹਿ ਰਿਹਾ ਸੀ। ਜਦੋਂ ਅੰਕੁਰ ਦੀ ਪਤਨੀ ਪਹਿਲੀ ਵਾਰ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ, ਤਾਂ ਉਸਨੇ ਇੱਕ ਵੀਡੀਓ ਵੀ ਵਾਇਰਲ ਕੀਤਾ ਸੀ, ਜਿਸ ਵਿਚ ਉਹ ਰੋਇਆ ਅਤੇ ਆਪਣਾ ਦੁੱਖ ਪ੍ਰਗਟ ਕੀਤਾ। ਇਹ ਵੀਡੀਓ ਉਸ ਸਮੇਂ ਅਮਰੀਕਾ ਵਿਚ ਬਹੁਤ ਵਿਵਾਦਪੂਰਨ ਬਣ ਗਿਆ ਸੀ, ਜਿਸ ਵਿਚ ਅੰਕੁਰ ਨੇ ਆਪਣੀ ਪਤਨੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਸਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ।
ਸ਼ਿਕਾਗੋ ‘ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ ‘ਤੇ ਕਾਬੂ

