ਲੰਡਨ, 13 ਅਗਸਤ (ਪੰਜਾਬ ਮੇਲ)- ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੂੰ ”ਸਟੈਟਿਸਟੀਕਲ ਮਕੈਨਿਕਸ ‘ਚ ਮਹੱਤਵਪੂਰਨ ਯੋਗਦਾਨ” ਲਈ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਿਧਾਂਤਕ ਭੌਤਿਕ ਵਿਗਿਆਨ ਦੇ ਖੇਤਰ ਵਿਚ ਦੁਨੀਆਂ ਦੇ ਪ੍ਰਮੁੱਖ ਸਨਮਾਨਾਂ ਵਿਚੋਂ ਇੱਕ ਹੈ। ਇਟਲੀ ਸਥਿਤ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਫਿਜ਼ਿਕਸ (ਆਈ.ਸੀ.ਟੀ.ਪੀ.) ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਧਰ ਸਮੇਤ ਚਾਰ ਭੌਤਿਕ ਵਿਗਿਆਨੀਆਂ ਨੂੰ ਇਸ ਸਾਲ ਇਹ ਮੈਡਲ ਦਿੱਤਾ ਗਿਆ ਹੈ।
ਧਰ ਬੰਗਲੁਰੂ ਵਿਚ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਦੇ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਸਾਇੰਸਜ਼ (ਆਈ.ਸੀ.ਟੀ.ਐੱਸ.-ਟੀ.ਆਈ.ਐੱਫ.ਆਰ.) ਵਿਚ ਪ੍ਰੋਫੈਸਰ ਹਨ। 1985 ਵਿਚ ਸਥਾਪਿਤ ਡਾਇਰੈਕ ਮੈਡਲ, ਸਿਧਾਂਤਕ ਭੌਤਿਕ ਵਿਗਿਆਨ ਵਿਚ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਕਈ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਬਾਅਦ ਵਿਚ ਦੁਨੀਆਂ ਦੇ ਸਭ ਤੋਂ ਉੱਚ ਵਿਗਿਆਨਕ ਸਨਮਾਨ ਮਿਲੇ ਹਨ, ਜਿਨ੍ਹਾਂ ਵਿਚ ਨੋਬਲ ਪੁਰਸਕਾਰ ਅਤੇ ਫੀਲਡਜ਼ ਮੈਡਲ ਸ਼ਾਮਲ ਹਨ। ਧਰ ਨੂੰ ਇਹ 2026 ਦਾ ਮੈਡਲ ਫਰਾਂਸ ਦੇ ਬਰਨਾਰਡ ਡੇਰਿਡਾ, ਇਟਲੀ ਦੇ ਮਾਰਕ ਮੇਜ਼ਾਰਡ ਅਤੇ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਦੇ ਹੈਮ ਸੋਮਪੋਲਿੰਸਕੀ ਨਾਲ ਸਾਂਝੇ ਤੌਰ ‘ਤੇ ਮਿਲਿਆ ਹੈ। ਇਨ੍ਹਾਂ ਚਾਰ ਵਿਗਿਆਨੀਆਂ ਨੂੰ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ, ਜਿਸਨੇ ਵਿਗਿਆਨੀਆਂ ਨੂੰ ਗੁੰਝਲਦਾਰ ਪ੍ਰਣਾਲੀਆਂ ਨੂੰ ਸਮਝਣ ਵਿਚ ਮਦਦ ਕੀਤੀ ਹੈ।
ਉਨ੍ਹਾਂ ਦੀ ਖੋਜ ਜੀਵ ਵਿਗਿਆਨ, ਵਿੱਤੀ ਬਾਜ਼ਾਰ, ਕੰਪਿਊਟਰ ਵਿਗਿਆਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿਚ ਲਾਗੂ ਹੁੰਦੀ ਹੈ। ਧਰ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਆਪਣੀ ਪੀ.ਐੱਚ.ਡੀ. ਪੂਰੀ ਕੀਤੀ ਅਤੇ 2016 ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਵਿਚ ਕਈ ਦਹਾਕਿਆਂ ਤੱਕ ਕੰਮ ਕੀਤਾ। ਧਰ ਨੂੰ 2023 ਵਿਚ ਪਦਮ ਭੂਸ਼ਣ, 2022 ਵਿਚ ਨੋਬਲ ਪੁਰਸਕਾਰ ਜੇਤੂ ਜੌਨ ਹੌਪਫੀਲਡ ਨਾਲ ਸਾਂਝੇ ਤੌਰ ‘ਤੇ ਬੋਲਟਜ਼ਮੈਨ ਮੈਡਲ ਅਤੇ 1991 ਵਿਚ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਵੀ ਮਿਲਿਆ।
ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

