#AMERICA

ਗਦਰੀ ਬਾਬਿਆਂ ਦੇ ਮੇਲੇ ‘ਚ ਸਤਿੰਦਰ ਪਾਲ ਸਿੰਘ ਸਿੱਧਵਾਂ ਵੱਲੋਂ ਪ੍ਰਭਾਵਸ਼ਾਲੀ ਅੰਦਾਜ਼ ‘ਚ ਸ਼ਰਧਾਂਜਲੀ ਭੇਟ

ਸਰੀ, 12 ਅਗਸਤ (ਪੰਜਾਬ ਮੇਲ)- ਸਰੀ, ਬੀ.ਸੀ. ਦੇ ਬੀਅਰ ਕਰੀਕ ਪਾਰਕ ਵਿਖੇ ਕਰਵਾਏ ਗਏ ‘ਮੇਲਾ ਗਦਰੀ ਬਾਬਿਆਂ ਦਾ’ ਦੌਰਾਨ ਪ੍ਰਸਿੱਧ ਬੁਲਾਰੇ ਅਤੇ ਪੰਜਾਬੀ ਲਹਿਰਾਂ ਰੇਡੀਓ ਟੋਰਾਂਟੋ ਦੇ ਸੰਚਾਲਕ ਸ. ਸਤਿੰਦਰ ਪਾਲ ਸਿੰਘ ਸਿੱਧਵਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਅਤੇ ਜੋਸ਼ੀਲੇ ਅੰਦਾਜ਼ ਵਿਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਦੇਸ਼ ਭਗਤੀ ਨੂੰ ਯਾਦ ਕੀਤਾ।
ਸ. ਸਿੱਧਵਾਂ ਦੇ ਸੰਬੋਧਨ ਨੂੰ ਹਾਜ਼ਰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਦੀ ਬੋਲਣ ਦੀ ਵਿਲੱਖਣ ਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੇਲੇ ਦੇ ਮੁੱਖ ਪ੍ਰਬੰਧਕ ਪ੍ਰੋਫ਼ੈਸਰ ਮੋਹਨ ਸਿੰਘ ਫੈਡਰੇਸ਼ਨ ਦੇ ਚੇਅਰਮੈਨ ਸਾਹਿਬ ਥਿੰਦ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ. ਸਿੱਧਵਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਮੇਲੇ ਦੌਰਾਨ ਸੱਭਿਆਚਾਰਕ ਰੰਗ ਵੀ ਖੂਬ ਜਮਿਆ। ਪਾਰਸ ਸਿੱਧਵਾਂ ਪਰਿਵਾਰ ਦੀ ਸਦਾਬਹਾਰ ਕਵੀਸ਼ਰੀ ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ’ ਨੂੰ ਸਤਿੰਦਰ ਪਾਲ ਸਿੰਘ ਸਿੱਧਵਾਂ, ਸਾਹਿਬ ਥਿੰਦ ਅਤੇ ਉਨ੍ਹਾਂ ਦੀ ਟੀਮ ਨੇ ਪੇਸ਼ ਕਰਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਕਵੀਸ਼ਰੀ ਦੀ ਇਸ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ ਅਤੇ ਟੀਮ ਨੇ ਆਪਣੀ ਜੋਸ਼ੀਲੀ ਪੇਸ਼ਕਾਰੀ ਨਾਲ ਮੇਲਾ ਲੁੱਟ ਲਿਆ।