#PUNJAB

ਪੰਜਾਬ ਵਿਧਾਨ ਸਭਾ ਦੇ ਸਪੀਕਰ ਖਿਲਾਫ਼ ਸ੍ਰੀ ਅਕਾਲ ਤਖ਼ਤ ਵਿਖੇ ਪੁੱਜੀ ਸ਼ਿਕਾਇਤ

-ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼
– ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਸੌਂਪਿਆ
ਅੰਮ੍ਰਿਤਸਰ, 12 ਅਗਸਤ (ਪੰਜਾਬ ਮੇਲ)- ਅਕਾਲੀ ਦਲ ਵਾਰਿਸ ਪੰਜਾਬ ਨਾਲ ਸਬੰਧਤ ਆਗੂਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਇਕ ਸ਼ਿਕਾਇਤ ਸੌਂਪਦਿਆਂ ਸ੍ਰੀ ਅਕਾਲ ਤਖ਼ਤ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖੇਮਕਰਨ ਇਕਾਈ ਦੇ ਆਗੂਆਂ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਆਦਿ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਸੌਂਪਿਆ ਗਿਆ ਹੈ।
ਪੱਤਰ ਵਿਚ ਉਨ੍ਹਾਂ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਵਿਚ ਦਾੜ੍ਹੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਆਖਿਆ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਨੂੰ ਮੂੰਹ ਨਾ ਲਾਏ, ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ।
ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸਪੀਕਰ ਨੇ ਗੁਰਸਿੱਖਾਂ ਦੇ ਦਾੜ੍ਹੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਬੈਠੇ ਵਿਧਾਇਕਾਂ ਨੂੰ ਵੀ ਉਨ੍ਹਾਂ ਸੰਗਤ ਆਖਿਆ, ਜੋ ਕਿ ਚੁਣੇ ਹੋਏ ਨੁਮਾਇੰਦੇ ਸਨ। ਪੱਤਰ ਦੇਣ ਆਏ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਕਰਕੇ ਸਪੱਸ਼ਟੀਕਰਨ ਲਿਆ ਜਾਵੇ ਅਤੇ ਕਾਰਵਾਈ ਕੀਤੀ ਜਾਵੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਪ ਸਰਕਾਰ ਦੇ ਖ਼ਿਲਾਫ਼ ਬੇਅਦਬੀ ਸੋਧ ਐਕਟ ਦਾ ਮਾਮਲਾ ਸ੍ਰੀ ਅਕਾਲ ਤਖਤ ਵਿਖੇ ਵਿਚਾਰ ਅਧੀਨ ਹੈ। ਜਦੋਂਕਿ ਇੱਕ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਤੋਂ ਮੁੱਖ ਮੰਤਰੀ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ।