#AMERICA

ਫੈਡਰਲ ਕੋਰਟ ਵੱਲੋਂ ਟਰੰਪ ਪ੍ਰਸ਼ਾਸਨ ਦੇ ‘ਵ੍ਹਾਈਟ ਹਾਊਸ ਬਾਲਰੂਮ ਪ੍ਰਾਜੈਕਟ’ ‘ਤੇ ਰੋਕ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਇੱਕ ਫੈਡਰਲ ਅਪੀਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਟਰੰਪ ਪ੍ਰਸ਼ਾਸਨ ਦੇ ਬਹੁਤ ਹੀ ਮਹੱਤਵਪੂਰਨ ਅਤੇ ਮਹਿੰਗੇ ‘ਵ੍ਹਾਈਟ ਹਾਊਸ ਬਾਲਰੂਮ ਪ੍ਰੋਜੈਕਟ’ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਸਾਫ਼ ਤੌਰ ‘ਤੇ ਕਿਹਾ ਹੈ ਕਿ ਕੋਈ ਵੀ ਰਾਸ਼ਟਰਪਤੀ ਇਸ ਇਤਿਹਾਸਕ ਇਮਾਰਤ ਦਾ ਮਾਲਕ ਨਹੀਂ ਹੁੰਦਾ।
ਵਾਸ਼ਿੰਗਟਨ ਵਿਚ ਸਥਿਤ ‘ਯੂ.ਐੱਸ. ਕੋਰਟ ਆਫ਼ ਅਪੀਲਜ਼ ਫ਼ਾਰ ਦ ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਟ’ ਨੇ 2-1 ਦੇ ਬਹੁਮਤ ਨਾਲ ਇਹ ਫੈਸਲਾ ਸੁਣਾਇਆ। ਅਦਾਲਤ ਨੇ ਆਪਣੀ ਟਿੱਪਣੀ ਵਿਚ ਲਿਖਿਆ, ”ਹਰ ਰਾਸ਼ਟਰਪਤੀ ਵ੍ਹਾਈਟ ਹਾਊਸ ਦਾ ਇੱਕ ਅਸਥਾਈ ਕਿਰਾਏਦਾਰ ਹੁੰਦਾ ਹੈ, ਮਾਲਕ ਨਹੀਂ”। ਅਦਾਲਤ ਨੇ ਸਪੱਸ਼ਟ ਕੀਤਾ ਕਿ ਯੂ.ਐੱਸ. ਕਾਂਗਰਸ (ਅਮਰੀਕੀ ਸੰਸਦ) ਦੀ ਮਨਜ਼ੂਰੀ ਲਏ ਬਿਨਾਂ ਕਾਰਜਪਾਲਿਕਾ ਵ੍ਹਾਈਟ ਹਾਊਸ ਵਰਗੀ ਮਹੱਤਵਪੂਰਨ ਅਤੇ ਇਤਿਹਾਸਕ ਇਮਾਰਤ ਵਿਚ ਇੰਨਾ ਵੱਡਾ ਬਦਲਾਅ ਨਹੀਂ ਕਰ ਸਕਦੀ।
ਇਸ ਫੈਸਲੇ ਦੇ ਤਹਿਤ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਵ੍ਹਾਈਟ ਹਾਊਸ ਦੇ ਢਾਹੇ ਜਾ ਚੁੱਕੇ ‘ਈਸਟ ਵਿੰਗ’ ਦੀ ਥਾਂ ‘ਤੇ 400 ਮਿਲੀਅਨ ਡਾਲਰ (ਲਗਭਗ 3,500 ਕਰੋੜ ਰੁਪਏ) ਦੀ ਭਾਰੀ ਲਾਗਤ ਨਾਲ ਬਣਨ ਵਾਲੇ ਆਲੀਸ਼ਾਨ ਬਾਲਰੂਮ ਦਾ ਨਿਰਮਾਣ ਕਾਰਜ ਤੁਰੰਤ ਰੋਕਣ ਦਾ ਆਦੇਸ਼ ਦਿੱਤਾ ਹੈ।
ਅਪੀਲ ਕੋਰਟ ਵੱਲੋਂ ਲੱਗੀ ਇਸ ਰੋਕ ਤੋਂ ਬਾਅਦ ਹੁਣ ਟਰੰਪ ਪ੍ਰਸ਼ਾਸਨ ਨੇ ਹਾਰ ਨਹੀਂ ਮੰਨੀ ਹੈ ਅਤੇ ਉਹ ਇਸ ਫੈਸਲੇ ਦੇ ਵਿਰੁੱਧ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਯਾਨੀ ਅਮਰੀਕਾ ਦੀ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਤਿਆਰੀ ਕਰ ਰਿਹਾ ਹੈ।