#OTHERS

ਨਿਰਮਲ ਪੁਰਜਾ ਸਮੇਤ 10 ਪਰਬਤਾਰੋਹੀਆਂ ਦੀ ਬਰਫ਼ ਦਾ ਤੋਦਾ ਡਿੱਗਣ ਕਾਰਨ ਮੌਤ

-ਕੇ 2 ਦੇ ਨੇੜੇ ਸਿਖਰਲੀ ਚੋਟੀ ‘ਤੇ ਵਾਪਰਿਆ ਹਾਦਸਾ
ਕਾਠਮੰਡੂ, 1 ਅਗਸਤ (ਪੰਜਾਬ ਮੇਲ)- ਨੇਪਾਲ ਦੇ ਤਜ਼ਰਬੇਕਾਰ ਪਰਬਤਾਰੋਹੀ ਨਿਰਮਲ ਪੁਰਜਾ ਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਟ-ਬਾਲਤਿਸਤਾਨ ਵਿਚ ਸਥਿਤ ਬਰੌਡ ਪੀਕ ਉੱਤੇ ਬਰਫ਼ ਦਾ ਤੋਦਾ ਡਿੱਗਣ ਕਾਰਨ ਮੌਤ ਹੋ ਗਈ ਹੈ।
ਸਥਾਨਕ ਮੀਡੀਆ ਨੇ ਜਾਣਕਾਰੀ ਨਸ਼ਰ ਕੀਤੀ ਕਿ 43 ਸਾਲਾ ਪੁਰਜਾ 10 ਪਰਬਤਾਰੋਹੀਆਂ ਦੇ ਸਮੂਹ ਦਾ ਹਿੱਸਾ ਸਨ। ਨੇਪਾਲ ਪਰਬਤਾਰੋਹੀ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੇਪਾਲੀ ਪਰਬਤਾਰੋਹੀ ਸਮੇਤ ਤਿੰਨ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪਹਾੜ ਤੋਂ 6 ਹੋਰ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਕਾਠਮੰਡੂ ਪੋਸਟ ਅਖ਼ਬਾਰ ਦੀ ਰਿਪੋਰਟ ਮੁਤਾਬਕ ਸ਼ਨਿੱਚਰਵਾਰ ਨੂੰ ‘ਇਲੀਟ ਐਕਸਪੀਡੀਸ਼ਨ’ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਬਿਆਨ ਜਾਰੀ ਕਰਕੇ ਪੁਰਜਾ ਤੇ ਬਾਕੀ ਟੀਮ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਦੱਸਣਾ ਬਣਦਾ ਹੈ ਕਿ ਕੇ-2 ਦੇ ਨੇੜੇ ਕਾਰਾਕੋਰਮ ਰੇਂਜ ਵਿਚ ਸਥਿਤ ਬਰੌਡ ਪੀਕ 8,051 ਮੀਟਰ ਉੱਚੀ ਹੈ। ਇਹ ਦੁਨੀਆਂ ਦਾ 12ਵਾਂ ਸਭ ਤੋਂ ਉੱਚਾ ਪਹਾੜ ਹੈ ਅਤੇ ਇਸ ਉੱਤੇ ਚੜ੍ਹਨਾ ਸਭ ਤੋਂ ਮੁਸ਼ਕਿਲ ਮੰਨਿਆ ਜਾਂਦਾ ਹੈ। ਪਾਕਿਸਤਾਨ ਐਲਪਾਈਨ ਕਲੱਬ (ਏ.ਸੀ.ਪੀ.) ਅਨੁਸਾਰ ਵੀਰਵਾਰ ਨੂੰ ਲਗਪਗ 7,000 ਮੀਟਰ ਦੀ ਉਚਾਈ ‘ਤੇ ਪਹਾੜ ਉੱਤੇ ਬਰਫ਼ ਦਾ ਤੋਦਾ ਡਿੱਗਿਆ, ਜਿਸ ਨੇ 10 ਮੈਂਬਰੀ ਟੀਮ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਵੇਲੇ ਟੀਮ ਨੇ ਆਪਣੀ ਚੋਟੀ ਦੀ ਚੜ੍ਹਾਈ ਸ਼ੁਰੂ ਕੀਤੀ ਸੀ। ਵੀਰਵਾਰ ਨੂੰ ਸਵੇਰੇ ਲਗਪਗ 9 ਵਜੇ ਬਰਫ਼ ਦੇ ਤੋਦੇ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਹ 10 ਪਰਬਤਾਰੋਹੀ ਜਿਨ੍ਹਾਂ ਵਿਚ ਛੇ ਨੇਪਾਲ ਤੋਂ, ਇੱਕ ਪਾਕਿਸਤਾਨੀ, ਇੱਕ ਓਮਾਨੀ, ਇੱਕ ਅਮਰੀਕੀ ਅਤੇ ਇੱਕ ਚੀਨੀ ਨਾਗਰਿਕ ਸ਼ਾਮਲ ਸੀ, ਲਾਪਤਾ ਹੋ ਗਏ ਸਨ।