‘ਅਪਰੇਸ਼ਨ ਨੋਮੈਡ ਹੰਟ’ ਤਹਿਤ ਗੈਂਗਸਟਰ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਵਾਪਸ ਲਿਆਂਦਾ ਗਿਆ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਇੰਡੋਨੇਸ਼ੀਆ ਤੋਂ ਵਾਪਸ ਲਿਆਂਦੇ ਗਏ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ (ਜੋ ਕਿ ਇੱਥੋਂ ਦੇ ਪਿੰਡ ਅਰਜਨ ਮੰਗਾ ਦਾ ਰਹਿਣ ਵਾਲਾ ਹੈ) ਨੂੰ ਬਾਬਾ ਬਕਾਲਾ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਅੱਗੇ ਦੀ ਪੁੱਛਗਿੱਛ ਲਈ ਉਸ ਨੂੰ ਅੱਠ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ‘ਅਪਰੇਸ਼ਨ ਨੋਮੈਡ ਹੰਟ’ ਤਹਿਤ ਉਸ ਨੂੰ ਵਾਪਸ ਭਾਰਤ ਲਿਆਂਦਾ ਹੈ।
ਬਿੱਲਾ ਕਈ ਮਹੀਨਿਆਂ ਤੋਂ ਭਗੌੜਾ ਸੀ ਅਤੇ ਚਾਰ ਕਤਲ ਦੇ ਕੇਸਾਂ, ਕਤਲ ਦੀ ਕੋਸ਼ਿਸ਼, ਫਿਰੌਤੀ, ਅਸਲਾ ਐਕਟ (ਆਰਮਜ਼ ਐਕਟ) ਅਤੇ ਸੰਗਠਿਤ ਅਪਰਾਧ ਨਾਲ ਜੁੜੇ ਦੋਸ਼ਾਂ ਸਮੇਤ ਇੱਕ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ।
ਪੁਲਿਸ ਨੇ ਦੱਸਿਆ ਕਿ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ ‘ਤੇ ਉਸ ਨੂੰ 20 ਜੁਲਾਈ ਨੂੰ ਜਕਾਰਤਾ ਕੌਮਾਂਤਰੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਡੋਨੇਸ਼ੀਆ ਵਿਚ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ, ਉਸ ਨੂੰ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ ਅਤੇ ਫਿਰ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਗਿਆ। ਜਾਂਚ ਅਧਿਕਾਰੀਆਂ ਨੇ ਇਹ ਵੀ ਪਤਾ ਲਾਇਆ ਹੈ ਕਿ ਮੁਲਜ਼ਮ ਨੇ ਕਥਿਤ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇੱਕ ਪਤੇ ਨਾਲ ਜੁੜੇ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪਾਸਪੋਰਟ ਪ੍ਰਾਪਤ ਕੀਤਾ ਸੀ।
ਪੁਲਿਸ ਉਸ ਦਾ ਫ਼ਰਜ਼ੀ ਪਾਸਪੋਰਟ ਤਿਆਰ ਕਰਨ ਵਾਲੇ ਦਿੱਲੀ ਅਤੇ ਯੂ.ਪੀ ਸਥਿਤ ਗੈਂਗ ਦੇ ਮੈਂਬਰਾਂ ਦੀ ਪਛਾਣ ਕਰ ਰਹੀ ਹੈ। ਸ਼ੱਕ ਹੈ ਕਿ ਉਹ ਉਸੇ ਪਾਸਪੋਰਟ ਦੀ ਵਰਤੋਂ ਕਰਕੇ 2025 ਦੀ ਸ਼ੁਰੂਆਤ ਵਿਚ ਭਾਰਤ ਤੋਂ ਫ਼ਰਾਰ ਹੋ ਗਿਆ ਸੀ।
ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਦਾ ਮੁੱਖ ਕੇਂਦਰ ਉਸ ਦੇ ਗੈਂਗ ਦਾ ਨੈੱਟਵਰਕ ਹੋਵੇਗਾ। ਪੁਲਿਸ ਅੰਮ੍ਰਿਤਸਰ ਦੀ ਹੋਮਲੈਂਡ ਹਾਈਟਸ ਸੁਸਾਇਟੀ ਵਿਚ ਹੋਈ ਗੋਲੀਬਾਰੀ ਦੀ ਘਟਨਾ ਸਮੇਤ ਪੰਜਾਬ ਵਿਚ ਵੱਖ-ਵੱਖ ਅਪਰਾਧਿਕ ਘਟਨਾਵਾਂ ਨਾਲ ਉਸ ਦੇ ਕਥਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਬਿੱਲਾ ਦੀ ਗ੍ਰਿਫ਼ਤਾਰੀ ਬਾਰੇ ਸੂਚਨਾ ਦੇਣ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਅਦਾਲਤ ਨੇ ਗੈਂਗਸਟਰ ਜੋਬਨਜੀਤ ਬਿੱਲਾ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

