ਪੈਰਿਸ, 22 ਜੁਲਾਈ (ਪੰਜਾਬ ਮੇਲ)- ਫਰਾਂਸ ਦੇ ਸੰਸਦ ਮੈਂਬਰਾਂ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ‘ਤੇ ਰੋਕ ਲਗਾਉਣ ਵਾਲਾ ਇੱਕ ਬਿੱਲ ਪਾਸ ਕਰ ਦਿੱਤਾ ਹੈ। ਬੱਚਿਆਂ ‘ਤੇ ਡਿਜ਼ੀਟਲ ਸਮੱਗਰੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਵਿਸ਼ਵ ਭਰ ਵਿਚ ਵਧ ਰਹੀਆਂ ਚਿੰਤਾਵਾਂ ਦਰਮਿਆਨ ਫਰਾਂਸ ਅਜਿਹੇ ਪਲੇਟਫਾਰਮਾਂ ‘ਤੇ ਪੂਰਨ ਪਾਬੰਦੀ ਲਗਾਉਣ ਵਾਲਾ ਯੂਰਪੀਅਨ ਯੂਨੀਅਨ ਦਾ ਪਹਿਲਾ ਦੇਸ਼ ਬਣ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਨੇ ਇਸ ਕਦਮ ਦੇ ਹੱਕ ਵਿਚ ਵੋਟ ਪਾਈ, ਜੋ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਦੂਜੇ ਕਾਰਜਕਾਲ ਦਾ ਇੱਕ ਮੁੱਖ ਪਹਿਲਕਦਮੀ ਵਾਲਾ ਪ੍ਰੋਗਰਾਮ ਹੈ।
ਬੱਚਿਆਂ ਦੀ ਮਾਨਸਿਕ ਸਿਹਤ ਅਤੇ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਲਈ ਲਿਆਂਦੇ ਗਏ ਇਸ ਨਵੇਂ ਕਾਨੂੰਨ ਤਹਿਤ ਹਾਈ ਸਕੂਲਾਂ ਵਿਚ ਮੋਬਾਈਲ ਫੋਨਾਂ ਦੀ ਵਰਤੋਂ ‘ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਦਮ ਨਾਲ ਸਕੂਲਾਂ ਵਿਚ ਬੱਚਿਆਂ ਦਾ ਧਿਆਨ ਨਹੀਂ ਭਟਕੇਗਾ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੁਨੀਆਂ ਦਾ ਪਹਿਲਾ ਅਜਿਹਾ ਦੇਸ਼ ਬਣਿਆ ਸੀ, ਜਿਸ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ (ਜਿਵੇਂ ਇੰਸਟਾਗ੍ਰਾਮ, ਫੇਸਬੁੱਕ, ਟਿਕਟੌਕ, ਯੂਟਿਊਬ ਆਦਿ) ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ।
ਏਸ਼ਿਆਈ ਦੇਸ਼ਾਂ ‘ਚ ਇੰਡੋਨੇਸ਼ੀਆ ਅਤੇ ਮਲੇਸ਼ੀਆ ਨੇ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਕਾਊਂਟ ਬਣਾਉਣ ਜਾਂ ਵਰਤੋਂ ਕਰਨ ‘ਤੇ ਕਾਨੂੰਨੀ ਰੋਕ ਲਗਾਈ ਗਈ ਹੈ।
ਚੀਨ ਵਿਚ ਬੱਚਿਆਂ ਲਈ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਵਰਤਣ ਦੇ ਸਮੇਂ ‘ਤੇ ਸਖ਼ਤ ਸੀਮਾ (ਕੁਝ ਘੰਟਿਆਂ ਦੀ ਛੋਟ) ਅਤੇ ਰਾਤ ਦੇ ਸਮੇਂ ਵਰਤੋਂ ‘ਤੇ ਪਾਬੰਦੀ ਲਾਗੂ ਹੈ।
ਬ੍ਰਾਜ਼ੀਲ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੂਰਨ ਪਾਬੰਦੀ ਤਾਂ ਨਹੀਂ ਪਰ ਉਨ੍ਹਾਂ ਦੇ ਅਕਾਊਂਟ ਮਾਪਿਆਂ ਦੇ ਅਕਾਊਂਟ ਨਾਲ ਜੋੜਨਾ (ਲਿੰਕ ਕਰਨਾ) ਅਤੇ ਉਮਰ ਦੀ ਪੁਸ਼ਟੀ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਯੂਨਾਈਟਿਡ ਕਿੰਗਡਮ (ਯੂ.ਕੇ.) ਅਤੇ ਕੈਨੇਡਾ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਰੋਕ ਲਗਾਉਣ ਲਈ ਬਿੱਲ ਅਤੇ ਨਿਯਮ ਤਿਆਰ ਕੀਤੇ ਜਾ ਰਹੇ ਹਨ।
ਯੂਰਪੀਅਨ ਦੇਸ਼ (ਗਰੀਸ, ਆਸਟਰੀਆ, ਡੈਨਮਾਰਕ) ਵਿਚ ਵੀ 14 ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦੀਆਂ ਯੋਜਨਾਵਾਂ ‘ਤੇ ਕੰਮ ਚੱਲ ਰਿਹਾ ਹੈ।
ਫਰਾਂਸ ‘ਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ

