ਚੰਡੀਗੜ੍ਹ, 21 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਵਿਖੇ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਏ। ਵਿਸ਼ੇਸ਼ ਜਾਂਚ ਟੀਮ ਨੇ 11 ਸਾਲ ਪਹਿਲਾਂ 2015 ਵਿਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਸੁਖਬੀਰ ਸਿੰਘ ਬਾਦਲ ਤੋਂ ਦੋ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਸਿਟ ਅੱਗੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਚੌਥੀ ਵਾਰ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਹਨ ਅਤੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ-ਜਦੋਂ ਵਿਸ਼ੇਸ਼ ਜਾਂਚ ਟੀਮ ਸੱਦੇਗੀ, ਉਹ ਪੇਸ਼ ਹੋਣਗੇ। ਉਨ੍ਹਾਂ ਕਿਹਾ, ”ਮੈਨੂੰ ਪੁੱਛੇ ਗਏ ਸਾਰੇ ਸਵਾਲ ਅਤੇ ਜਵਾਬ ਪਹਿਲਾਂ ਹੀ ਪਿਛਲੀਆਂ ਵਿਸ਼ੇਸ਼ ਜਾਂਚ ਟੀਮਾਂ ਵੱਲੋਂ ਕੈਮਰੇ ‘ਚ ਰਿਕਾਰਡ ਹਨ ਅਤੇ ਦਸਤਾਵੇਜ਼ੀ ਤੌਰ ‘ਤੇ ਉਪਲਬਧ ਹਨ। ਜੋ ਸਵਾਲ ਪੁੱਛੇ ਗਏ, ਉਹ ਸਾਰੇ ਸਿਆਸਤ ਤੋਂ ਪ੍ਰੇਰਿਤ ਸਨ ਤੇ ਦਿੱਲੀ ਦੀ ‘ਆਪ’ ਟੀਮ ਨੇ ਤਿਆਰ ਕੀਤੇ ਸਨ, ਤਾਂ ਜੋ ਇਸ ਮੰਦਭਾਗੀ ਘਟਨਾ ਤੋਂ ਸਿਆਸੀ ਲਾਹਾ ਲਿਆ ਜਾ ਸਕੇ।”
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਿਆਸੀ ਡਰਾਮਾ ਰਚਿਆ ਜਾ ਰਿਹਾ ਹੈ ਪਰ ਅਕਾਲੀ ਦਲ ਨਾ ਕਦੇ ਦੱਬੇਗਾ ਅਤੇ ਨਾ ਹੀ ਝੁਕੇਗਾ। ਬੇਅਦਬੀ ਦੀਆਂ ਘਟਨਾਵਾਂ ‘ਚ ਸ਼ਾਮਲ ਵਿਅਕਤੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ‘ਆਪ’ ਨੇ ਸੂਬੇ ‘ਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਾਸਤੇ ਕੁਝ ਨਹੀਂ ਕੀਤਾ। ਪਿਛਲੇ 10 ਸਾਲਾਂ ‘ਚ ਬੇਅਦਬੀ ਦੀਆਂ 597 ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਮੁੱਖ ਮੰਤਰੀ ਨੇ ਉਨ੍ਹਾਂ ਦੀ ਜਾਂਚ ਨਹੀਂ ਕਰਵਾਈ, ਜਿਸ ਕਾਰਨ ਦੋਸ਼ੀ ਬਰੀ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਖੁਦ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਅੰਦਰ ਪੁਲਿਸ ਭੇਜ ਕੇ ਵੱਡੀ ਬੇਅਦਬੀ ਕੀਤੀ ਸੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਪਰਮਜੀਤ ਸਿੰਘ ਸਰਨਾ, ਐੱਨ.ਕੇ. ਸ਼ਰਮਾ ਅਤੇ ਅਰਸ਼ਦੀਪ ਸਿੰਘ ਕਲੇਰ ਤੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਪਾਰਟੀ ਵਰਕਰ ਵੀ ਮੌਜੂਦ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਡਰ ਲੱਗ ਰਿਹਾ ਹੈ। ਇਸੇ ਕਰਕੇ ਸਿਆਸੀ ਡਰਾਮਾ ਰਚ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਸਾਹਿਬਾਨ ਅਤੇ ਸੰਤਾਂ ਦੀਆਂ ਬੇਅਦਬੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ ਬੇਨਕਾਬ ਕੀਤਾ ਜਾਵੇਗਾ। ਬੇਅਦਬੀ ਦੇ ਮਾਮਲਿਆਂ ‘ਚ ਭਗਵੰਤ ਮਾਨ ਨੂੰ ਇਸੇ ਪੁਲਿਸ ਮੂਹਰੇ ਤੇ ਇਸੇ ਥਾਂ ‘ਤੇ ਸੱਦਿਆ ਜਾਵੇਗਾ ਅਤੇ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਬਹਿਬਲ ਕਲਾਂ ਗੋਲੀਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ 2 ਘੰਟੇ ਪੁੱਛ-ਪੜਤਾਲ

