#CANADA

ਓਨਟਾਰੀਓ ਦੇ ਮੰਤਰੀ ਵੱਲੋਂ ਬੇਲੋੜੇ ਹੋਟਲ ਖ਼ਰਚਿਆਂ ਦੇ ਦੋਸ਼ ਲੱਗਣ ‘ਤੇ ਅਸਤੀਫ਼ਾ

-ਬਾਕੀ ਮੰਤਰੀਆਂ ਨੇ ਮੁੱਦੇ ‘ਤੇ ਫਿਲਹਾਲ ਪੂਰੀ ਚੁੱਪ ਵੱਟੀ
ਵੈਨਕੂਵਰ, 21 ਜੁਲਾਈ (ਪੰਜਾਬ ਮੇਲ)- ਓਨਟਾਰੀਓ ਦੇ ਕੁਝ ਮੰਤਰੀਆਂ ਦੀ ਰਿਹਾਇਸ਼ ਵਿਧਾਨ ਸਭਾ (ਸਕੱਤਰੇਤ) ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ, ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖ਼ਰਚੇ ਲੈਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ-ਸਪਾਟਾ ਤੇ ਸੱਭਿਆਚਾਰਕ ਮੰਤਰੀ ਸਟੈਨ ਚੋਅ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਟੈਨ ਚੋਅ ਨੇ ਇਸ ਖ਼ਰਚੇ ਵਜੋਂ ਸਰਕਾਰ ਤੋਂ 16 ਹਜ਼ਾਰ ਡਾਲਰ ਵਸੂਲੇ ਸਨ। ਦੂਜੇ ਪਾਸੇ, ਵਿਰੋਧੀ ਧਿਰ ਦੇ ਆਗੂ ਜੌਹਨ ਫਰੇਜ਼ਰ ਨੇ ਮੰਗ ਕੀਤੀ ਹੈ ਕਿ ਮੰਤਰੀਆਂ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ 15,865 ਡਾਲਰ, ਟਰਾਂਸਪੋਰਟ ਮੰਤਰੀ ਸਰਕਾਰੀਆ ਨਾਲ ਲੱਗੇ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ 27,275 ਡਾਲਰ ਅਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ 18,976 ਡਾਲਰ ਸਰਕਾਰੀ ਖ਼ਜ਼ਾਨੇ ਵਿਚੋਂ ਵਸੂਲੇ ਹਨ। ਅਸਤੀਫ਼ਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋਅ ਨੇ ਕਿਹਾ ਕਿ ਉਨ੍ਹਾਂ ਕੋਲੋਂ ਅਣਜਾਣੇ ਵਿਚ ਹੋਈ ਇਸ ਗ਼ਲਤੀ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ ਅਤੇ ਉਹ ਇੱਕ-ਇੱਕ ਪੈਸਾ ਵਾਪਸ ਕਰਨਗੇ। ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਪੈਸੇ ਦਾ ਬੋਝ ਆਪਣੇ ਮਨ ‘ਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ‘ਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ (ਵਿਧਾਨ ਸਭਾ) ਤੋਂ ਸਿਰਫ਼ 30 ਤੋਂ 35 ਕਿਲੋਮੀਟਰ ਦੀ ਦੂਰੀ ‘ਤੇ ਹੈ, ਜਿੱਥੋਂ ਰੋਜ਼ਾਨਾ ਆਉਣਾ-ਜਾਣਾ ਬੇਹੱਦ ਆਸਾਨ ਹੈ। ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਹੋਟਲਾਂ ਦੇ ਖ਼ਰਚੇ ਕਲੇਮ ਕੀਤੇ ਗਏ।
ਇਸ ਵਿਵਾਦ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਾਜਾਇਜ਼ ਲਿਆ ਹੈ, ਉਸ ਕੋਲੋਂ ਇੱਕ-ਇੱਕ ਪੈਸੇ ਦੀ ਵਸੂਲੀ ਕੀਤੀ ਜਾਵੇਗੀ। ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ‘ਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ, ਜਿਸ ਨਾਲ ਲੋਕਾਂ ਵੱਲੋਂ ਟੈਕਸਾਂ ਦੇ ਰੂਪ ਵਿਚ ਦਿੱਤੇ ਖ਼ੂਨ-ਪਸੀਨੇ ਦੇ ਪੈਸੇ ਵਿਚੋਂ ਇੱਕ ਡਾਲਰ ਦੀ ਵੀ ਫ਼ਜ਼ੂਲ ਖ਼ਰਚੀ ਹੋਵੇ।